ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਟੈਕਨੀਕਲ ਸਰਵਿਸਿਜ਼ ਯੂਨੀਅਨ ਸ/ਡ ਬਰੀਵਾਲਾ ਦੀ ਮੀਟਿੰਗ (ਵਰਕਿੰਗ) ਬੱਲਾ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਰਕਿੰਗ ਕਮੇਟੀ ਵੱਲੋਂ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਨਿੱਜੀਕਰਨ ਵੱਲ ਪੁੱਟੇ ਜਾ ਰਹੇ ਕਦਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਸਾਰੇ ਸਰਕਾਰੀ ਅਦਾਰਿਆਂ ਦਾ ਭੋਗ ਪਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਨਵੇਂ ਕਾਲੇ ਕਾਨੂੰਨ ਲਿਆ ਕੇ ਖੇਤੀ ਸੈਕਟਰ ਵੀ ਉਨ੍ਹਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਕੇ ਸਾਰੇ ਮਹਿਕਮਿਆਂ ਦਾ ਸਰਕਾਰੀਕਰਨ ਕੀਤਾ ਜਾਵੇ, ਨਵੀਂ ਅਤੇ ਪੱਕੀ ਭਰਤੀ ਕੀਤੀ ਜਾਵੇ, ਠੇਕਾ ਅਤੇ ਸੀਐਸਬੀ ਕਾਮਿਆ ਨੂੰ ਤਜਰਬੇ ਦੇ ਅਧਾਰ 'ਤੇ ਪੱਕਾ ਕੀਤਾ ਜਾਵੇ, ਈਟੀਟੀ ਅਧਿਆਪਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਪਟਿਆਲਾ ਵਿਖੇ ਤਸ਼ੱਦਦ ਕਰਨ ਵਾਲਿਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਖੇਤੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਲੇਬਰ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਵਾਪਸ ਲਈਆਂ ਜਾਣ, ਪੇ ਕਮਿਸ਼ਨ ਦੀ ਰਿਪੋਰਟ 2016 ਤੋਂ ਲਾਗੂ ਕੀਤੀ ਜਾਵੇ ਅਤੇ ਡੀਏ ਦੀਆਂ ਕਿਸ਼ਤਾਂ ਸਮੇਤ ਏਰੀਅਰ ਦਿੱਤੀਆਂ ਜਾਣ। ਕੋਰੋਨਾ ਨਾਮ 'ਤੇ ਰੁਜ਼ਗਾਰ ਅਤੇ ਵਿੱਦਿਆ ਖੋਹਣ ਦੀ ਨੀਤੀ ਵਾਪਸ ਲਈ ਜਾਵੇ, ਅਬੋਹਰ ਡਵੀਜ਼ਨ ਦੇ ਖੂਈਆ ਸਰਵਰ ਦੇ ਪ੍ਰਧਾਨ ਖੁਸਾਲ ਚੰਦ ਐਲ/ਐਮ ਦੀ ਸਿਆਸੀ ਅਧਾਰ 'ਤੇ ਕੀਤੀ ਬਦਲੀ ਰੱਦ ਕੀਤੀ ਜਾਵੇ, ਨਵੇਂ ਭਰਤੀ ਏਸੀਐਮ ਨੂੰ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ 16-04-10 ਨੂੰ ਬਿਜਲੀ ਬੋਰਡ ਤੋੜਨ ਦੇ ਵਿਰੋਧ ਵਿੱਚ ਹਰ ਸਾਲ ਦੀ ਤਰਾਂ 16-04-21 ਨੂੰ ਕਾਲੇ ਬਿੱਲੇ ਲਗਾ ਕੇ ਰੋਸ ਦਿਵਸ ਮਨਾਇਆ ਜਾਵੇਗਾ ਅਤੇ 1 ਮਈ ਨੂੰ ਮਜ਼ਦੂਰ ਦਿਹਾੜੇ ਤੇ ਲੇਬਰ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਸਬੰਧੀ ਝੰਡਾ ਚੜਾ ਕੇ ਨਵੇਂ ਲੇਬਰ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਨੂੰ ਵਿਸ਼ਾਲ ਕਰਨ ਦਾ ਪ੍ਰਣ ਲਿਆ ਜਾਵੇਗਾ। ਮੀਟਿੰਗ ਵਿੱਚ ਬੱਲਾ ਸਿੰਘ ਪ੍ਰਧਾਨ, ਸੁਰਿੰਦਰ ਸਿੰਘ ਬਿੱਟੂ ਮੀਤ ਪ੍ਰਧਾਨ, ਅਮਰਜੀਤਪਾਲ ਸ਼ਰਮਾ ਸਕੱਤਰ, ਸਹਾਇਕ ਸਕੱਤਰ ਸੁਖਮਿੰਦਰ ਸਿੰਘ ਖੋਖਰ ਅਤੇ ਫਕੀਰ ਸਿੰਘ ਖਜਾਨਚੀ ਹਾਜ਼ਰ ਸਨ।