ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ

ਸਿੱਖਿਆ ਵਿਭਾਗ ਵੱਲੋਂ ਬਦਲੀ ਪ੍ਰਕਿਰਿਆ ਦੌਰਾਨ ਪੰਜਾਬ ਦੇ ਸਕੂਲਾਂ 'ਚੋਂ ਸਾਰੇ ਕਾਡਰਾਂ ਦੀਆਂ ਵੱਡੀ ਗਿਣਤੀ 'ਚ ਖਾਲੀ ਅਸਾਮੀਆਂ ਨੂੰ ਛੁਪਾਉਣ ਤੇ ਅਧਿਆਪਕਾਂ 'ਚ ਉਨ੍ਹਾਂ ਦੀ ਅਸਾਮੀ ਸਰਪਲੱਸ ਹੋਣ ਦਾ ਡਰ ਪੈਦਾ ਕਰਨ ਖਿਲਾਫ਼ ਜ਼ਿਲ੍ਹਾ ਸਿੱਖਿਆ ਦਫਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਜ਼ਿਲ੍ਹਾ ਆਗੂਆਂ ਮਨੋਹਰ ਲਾਲ ਸਰਮਾ, ਪਵਨ ਕੁਮਾਰ, ਪ੍ਰਗਟ ਜੰਬਰ ਤੇ ਮੇਘਇੰਦਰ ਸਿੰਘ ਨੇ ਪੰਜਾਬ ਸਰਕਾਰ ਪਾਸੋਂ ਅਧਿਆਪਕਾਂ ਦੇ ਉਜਾੜੇ ਦੀ ਨੀਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਖਰੀ ਸਾਹਾਂ ਤੇ ਚੱਲ ਰਹੀ ਸਰਕਾਰੀ ਸਿੱਖਿਆ ਦਾ ਪੂਰਨ ਤੌਰ ਤੇ ਭੋਗ ਪਾ ਕੇ ਗਰੀਬਾਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਦਾ ਉਜਾੜਾ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ, ਇਸੇ ਤਰ੍ਹਾਂ ਹੀ ਪੰਜਾਬ 'ਚ ਆਨ ਲਾਇਨ ਬਦਲੀ ਪ੍ਰਕਿਰਿਆ ਦੇ ਨਾਂ ਤੇ ਸਕੂਲਾਂ 'ਚੋਂ ਪੋਸਟਾਂ ਖਤਮ ਕਰਕੇ ਰੈਸਨਲਾਈਜੇਸਨ ਦੇ ਏਜੰਡੇ ਨੂੰ ਲੁਕਵੇਂ ਰੂਪ ਵਿਚ ਲਾਗੂ ਕਰਨ, ਮਿਡਲ ਸਕੂਲਾਂ 'ਚੋਂ 228 ਪੀ ਟੀ ਆਈਜ ਨੂੰ ਧੱਕੇ ਨਾਲ ਅਸਾਮੀ ਸਹਿਤ ਸ਼ਿਫਟ ਕਰਨ ਦੀਆਂ ਅਸਾਮੀਆਂ ਖਤਮ ਕਰਨ ਲਈ ਚਾਲਾਂ ਖੇਡੀਆਂ ਜਾ ਰਹੀਆਂ ਹਨ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਵੱਲੋਂ ਜ਼ਿਲ੍ਹਾ ਸਿੰਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਅੰਜੂ ਗੁਪਤਾ ਤੇ ਪ੍ਰਭਜੋਤ ਕੌਰ ਨੂੰ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਰੋਸ ਪੱਤਰ ਸੌਂਪਿਆ ਗਿਆ। ਇਸ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕਦੇ ਹੋਏ ਆਗੂਆਂ ਨੇ ਪ੍ਰਰਾਇਮਰੀ ਵਿਭਾਗ 'ਚ 1904 ਹੈੱਡ ਟੀਚਰਾਂ ਦੀਆਂ ਖਤਮ ਕੀਤੀਆਂ ਅਸਾਮੀਆਂ ਬਹਾਲ ਕਰਨ, ਸਾਰੇ ਕਾਡਰਾਂ ਦੀਆਂ ਪੈਡਿੰਗ ਤਰੱਕੀਆਂ ਕਰਨ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਲੰਮੇ ਸਮੇਂ ਤੋਂ ਪੈਡਿੰਗ ਡੀਏ ਦੀ ਕਿਸ਼ਤਾਂ ਜਾਰੀ ਕਰਨ ਦੀਆਂ ਮੰਗਾਂ ਨੂੰ ਫਿਰ ਤੋਂ ਦੁਹਰਾਇਆ ਅਤੇ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ, ਨਵਦੀਪ ਸਿੰਘ, ਪ੍ਰਮਾਤਮਾ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ, ਲਖਵੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਰੋਸ ਪ੍ਰਦਰਸ਼ਨ 'ਚ ਜਸਵਿੰਦਰ ਝਬੇਲਵਾਲੀ, ਬਲਵਿੰਦਰ ਸਿੰਘ ਥਾਂਦੇਵਾਲਾ, ਸੁਦਰਸ਼ਨ ਜੱਗਾ ਤੋਂ ਇਲਾਵਾ ਰਾਜਵਿੰਦਰ ਸਿੰਘ, ਪਵਨ ਚੌਧਰੀ,ਰਵੀ ਕੁਮਾਰ, ਸੰਜੇ ਕੁਮਾਰ, ਸੁਮੇਸ ਕੁਮਾਰ, ਸੁਰਜੀਤ ਸਿੰਘ ਤੇ ਹਰਬਖਸ਼ ਬਹਾਦਰ ਸ਼ਾਮਲ ਹੋਏ।