ਮੁਕਤਸਰ : ਦੇਸ਼ ਭਰ ਵਿਚ ਪਿਛਲੇ 25 ਸਾਲਾਂ ਤੋਂ ਸਾਹਿਤਕਾਰਾਂ ਤੇ ਸਮਾਜਿਕ ਚੇਤਨਾ ਲਈ ਕੰਮ ਕਰਨ ਵਾਲੇ ਲੋਕਾਂ ਦਾ ਸਨਮਾਨ ਕਰਨ ਵਾਲੀ ਸੰਸਥਾ ਮਹਾਰਾਸ਼ਟਰ ਫਾਊਂਡੇਸ਼ਨ (ਅਮਰੀਕਾ) ਵੱਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਨੂੰ ਡਾ. ਨਰੇਂਦਰ ਦਾਭੋਲਕਰ ਯਾਦਗਾਰੀ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਫਾਊਂਡੇਸ਼ਨ ਦੇ ਸਰਪ੍ਰਸਤ ਸੁਨੀਲ ਦੇਸ਼ਮੁਖ ਤੇ ਪ੍ਰਧਾਨ ਅੰਕੁਸ਼ ਕਰਣਿਕ ਦੀ ਪ੍ਰਧਾਨਗੀ 'ਚ ਪੁਣੇ ਦੇ ਬਾਲ ਗੰਧਰਵ ਆਡੀਟੋਰੀਅਮ ਵਿਖੇ ਹੋਏ 25ਵੇਂ ਸਾਲਾਨਾ ਸਮਾਰੋਹ 'ਚ ਮਹਾਰਾਸ਼ਟਰ ਦੇ 8 ਸਾਹਿਤਕਾਰਾਂ ਨੂੰ ਕਵਿਤਾ, ਵਿਅੰਗ, ਕਹਾਣੀ, ਨਾਵਲ ਦੇ ਖੇਤਰ ਵਿਚ ਮਾਰੀਆਂ ਮੱਲਾਂ ਬਦਲੇ ਪੁਰਸਕਾਰ ਦਿੱਤੇ ਗਏ। ਉੱਥੇ ਸਮਾਜ ਵਿਚ ਵਿਗਿਆਨਕ ਚੇਤਨਾ ਦੇ ਪਾਸਾਰ 'ਤੇ ਪਿਛਲੇ 34 ਸਾਲਾਂ ਤੋਂ ਸਮਾਜ ਨੂੰ ਭਰਮ ਮੁਕਤ ਲਈ ਜੁਟਾਏ ਯਤਨਾਂ ਬਦਲੇ ਤਰਕਸ਼ੀਲ ਸੁਸਾਇਟੀ ਪੰਜਾਬ ਨੂੰ ਕੌਮੀ ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਡਾ. ਨਰੇਂਦਰ ਦਾਭੋਲਕਰ ਦੀ ਯਾਦ ਵਿੱਚ ਸਮਾਜਿਕ ਪੁਰਸਕਾਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਹਿਲੀ ਵਾਰ ਇਹ ਪੁਰਸਕਾਰ ਮਹਾਰਾਸ਼ਟਰ ਤੋਂ ਬਾਹਰ ਦੀ ਸੰਸਥਾ ਨੂੰ ਦਿੱਤਾ ਗਿਆ ਹੈ। ਸਮਾਰੋਹ ਵਿਚ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਪੰਜਾਬ ਦੀ ਭੂਮਿਕਾ ਦੀ ਸਰਾਹਨਾ ਕਰਦਿਆਂ ਫਾਊਂਡੇਸ਼ਨ ਦੇ ਬੁਲਾਰੇ ਸੁਨੀਲ ਦੇਸ਼ਮੁਖ ਨੇ ਪੰਜਾਬ ਦੀ ਤਰਕਸ਼ੀਲ ਲਹਿਰ ਵੱਲੋਂ ਸਮਾਜ ਨੂੰ ਸੁਖਾਵੇਂ ਰੁਖ਼ ਤੋਰਨ ਲਈ ਕੀਤੇ ਜਾ ਰਹੇ ਲੋਕ ਹਿਤੂ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।

ਸਨਮਾਨ ਕਮੇਟੀ ਤੇ ਉੱਘੇ ਫਿਲਮ ਨਿਰਦੇਸ਼ਕ ਅਮੋਲ ਪਾਲੇਕਰ ਤੋਂ ਸਨਮਾਨ ਹਾਸਲ ਕਰਦਿਆਂ ਸੁਸਾਇਟੀ ਦੇ ਸੂਬਾਈ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਆਖਿਆ ਕਿ ਡਾ. ਨਰੇਂਦਰ ਦਾਭੋਲਕਰ ਯਾਦਗਾਰੀ ਪੁਰਸਕਾਰ ਦੇਸ਼ ਭਰ ਵਿਚ ਸਮਾਜਿਕ ਨਾ ਬਰਾਬਰੀ, ਅੰਧ ਵਿਸ਼ਵਾਸ, ਜਾਤ-ਪਾਤ ਦੇ ਖ਼ਾਤਮੇ ਲਈ ਕੰਮ ਕਰਦੇ ਸਭਨਾਂ ਲੋਕਾਂ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਉਹ ਡਾ. ਦਾਭੋਲਕਰ ਦੇ ਮਿਸ਼ਨ ਤੇ ਚੰਗੇਰੇ ਸਮਾਜ ਦੀ ਸਿਰਜਣਾ ਲਈ ਸਿਦਕਦਿਲੀ ਨਾਲ ਵਿਗਿਆਨਕ ਚੇਤਨਾ ਦੇ ਪਾਸਾਰ ਲਈ ਕੰਮ ਕਰਦੇ ਰਹਿਣਗੇ।

ਸਮਾਰੋਹ ਵਿਚ ਬੁਲਾਰਿਆਂ ਨੇ ਇਕਮੱਤ ਹੋ ਕੇ ਅੰਧ ਵਿਸ਼ਵਾਸਾਂ ਤੇ ਅਗਿਆਨਤਾ ਦੇ ਖ਼ਾਤਮੇ ਲਈ ਵਿਗਿਆਨਕ ਸੋਚ ਦੇ ਪਾਸਾਰ ਦਾ ਸੱਦਾ ਦਿੱਤਾ। ਸਮਾਰੋਹ ਵਿਚ ਪ੍ਰਸਿੱਧ ਮਰਾਠੀ ਮੈਗਜ਼ੀਨ ਸਾਧਨਾ ਦੇ ਸੰਪਾਦਕ ਵਿਨੋਦ ਸ਼ਿਰਦਾਥ, ਅੰਧ ਸ਼ਰਧਾ ਨਿਰਮੂਲਣ ਸੰਮ ਮਹਾਰਾਸ਼ਟਰ ਦੇ ਪ੍ਰਧਾਨ ਮਿਲਿੰਦ ਦੇਸ਼ਮੁਖ, ਡਾ. ਹਮੀਦ ਦਾਭੋਲਕਰ, ਰਾਹੁਲ ਥੋਰਾਤ, ਨੰਦਿਨੀ ਜਾਧਵ ਤੋਂ ਇਲਾਵਾ ਪੰਜਾਬ ਦੇ ਸੂਬਾਈ ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਸਰਜਾ, ਸੁਖਵਿੰਦਰ ਬਾਗਪੁਰ ਤੇ ਰਾਮ ਸਵਰਨ ਲੱਖੇਵਾਲੀ ਵੀ ਹਾਜ਼ਰ ਸਨ।