ਜਗਸੀਰ ਛੱਤਿਆਣਾ, ਗਿੱਦੜਬਾਹਾ : ਸਫ਼ਾਈ ਮੁਲਾਜਮ ਯੂਨੀਅਨ ਨਗਰ ਕੌਂਸਲ ਗਿੱਦੜਬਾਹਾ ਵੱਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਪਿਛਲੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੜਤਾਲ ਦੇ ਬਾਵਜੂਦ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣਾ ਅਤੇ ਮੰਗਾਂ ਪ੍ਰਤੀ ਅਖ਼ਤਿਆਰ ਕੀਤੇ ਅੜੀਅਲ ਰਵੱਈਏ ਕਾਰਣ ਰੋਹ 'ਚ ਆਏ ਸਫਾਈ ਮੁਲਾਜਮਾਂ ਨੇ ਸ਼ਹਿਰ 'ਚ ਅੱਜ ਹੱਥ ਵਿੱਚ ਥਾਲੀਆਂ ਫੜ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਬੋਬੀ ਨੇ ਕਿਹਾ ਕਿ ਯੂਨੀਅਨ ਵੱਲੋਂ ਸੂਬਾ ਪੱਧਰ ਤੇ ਪਿਛਲੇ 36 ਦਿਨਾਂ ਤੋਂ ਲਗਾਤਾਰ ਹੜਤਾਲ ਚੱਲ ਰਹੀ ਹੈ, ਪਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਣ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗ ਚੁੱਕੇ ਹਨ ਅਤੇ ਬਿਮਾਰੀਆਂ ਫੈਲਣ ਦੀ ਸੰਭਾਵਨਾ ਬਣੀ ਹੋਈ ਹੈ, ਪਰ ਨਾ ਤਾਂ ਸਰਕਾਰ ਨੂੰ ਸਫਾਈ ਸੇਵਕਾਂ ਦੀ ਕੋਈ ਚਿੰਤਾ ਹੈ ਅਤੇ ਨਾ ਹੀ

ਕੂੜੇ ਦੇ ਢੇਰਾਂ ਕਾਰਣ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਦਿਕੱਤਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਕਾਰਣ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਅੱਜ ਥਾਲੀਆਂ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਸਫਾਈ ਸੇਵਕਾਂ ਨਾਲ ਅਜਿਹਾ ਅੜੀਅਲ

ਵਰਤਾਰਾ ਕਰਨ ਵਾਲੀ ਕੈਪਟਨ ਸਰਕਾਰ ਨੂੰ ਸਾਲ 2022 ਵਿੱਚ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾ 'ਚ ਖਾਮਿਆਜਾ ਫੁਗਤਣਾ ਪਵੇਗਾ। ਉਨਾਂ੍ਹ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਮੁਲਾਜਮਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਨਹੀਂ ਤਾਂ ਨਾ ਚਾਹੁੰਦੇ ਹੋਏ ਵੀ ਉਨਾਂ੍ਹ ਵੱਲੋਂ ਸ਼ਹਿਰ ਦੀਆਂ ਸੜਕਾਂ 'ਤੇ ਮਜ਼ਬੂਰੀ ਦੀ ਹਾਲਤ ਵਿੱਚ ਮਰੇ ਪਸ਼ੂ ਸੁੱਟੇ ਜਾਣਗੇ। ਇਸ ਮੌਕੇ ਕ੍ਰਿਸ਼ਨ ਲਾਲ ਟਾਂਕ, ਅਮਿਤ ਕੁਮਾਰ, ਵਿਜੈ ਕੁਮਾਰ, ਬਾਲੇ ਰਾਮ, ਵੀਣਾ ਰਾਣੀ, ਬਿਮਲਾ ਦੇਵੀ, ਵਿਦਿਆ ਦੇਵੀ, ਭੁਤੇਰੀ ਆਦਿ ਵੱਡੀ ਗਿਣਤੀ 'ਚ ਸਫਾਈ ਸੇਵਕ ਹਾਜ਼ਰ ਸਨ।