ਜਤਿੰਦਰ ਸਿੰਘ ਭੰਵਰਾ/ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਸੁਖਦੇਵ ਸਿੰਘ ਢੀਂਡਸਾ ਤੇ ਟਕਸਾਲੀ ਆਗੂਆਂ ਨੂੰ ਜਿੰਨਾ ਸਤਿਕਾਰ ਅਕਾਲੀ ਦਲ ਨੇ ਦਿੱਤਾ ਹੋਰ ਕੋਈ ਨਹੀਂ ਦੇ ਸਕਦਾ। ਸੁਖਦੇਵ ਸਿੰਘ ਢੀਂਡਸਾ ਵਰਗਿਆਂ ਨੂੰ ਜਿਹੜੇ ਐਨਾ ਮਾਣ-ਸਨਮਾਨ ਦਿਵਾਉਣ ਵਾਲੀ ਆਪਣੀ ਮਾਂ ਪਾਰਟੀ ਦੀ ਪਿੱਠ 'ਚ ਛੁਰਾ ਮਾਰ ਰਹੇ ਹਨ ਨੂੰ ਕਦੇ ਵੀ ਟਕਸਾਲੀ ਨਹੀਂ ਕਿਹਾ ਜਾ ਸਕਦਾ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੋਮਣੀ ਅਕਾਲੀ ਦਲ ਵੱਲੋਂ ਮੇਲਾ ਮਾਘੀ 'ਤੇ ਕੀਤੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਾਂਗਰਸ ਪਾਰਟੀ ਨੂੰ ਇਕ ਪਾਸੇ ਰੱਖ ਕੇ ਕਿਹਾ ਕਿ ਛੇ ਵਾਰ ਚੋਣ ਲੜਣ ਤੇ ਢੀਂਡਸਾ ਸਿਰਫ ਇੱਕ ਵਾਰ ਜਿੱਤਿਆ ਤੇ ਅਸੀਂ ਇਸ ਨੂੰ ਕਦੇ ਚੇਅਰਮੈਨੀ ਤੇ ਕਦੇ ਰਾਜ ਸਭਾ ਮੈਂਬਰ ਬਣਾਇਆ ਤੇ ਐਨਾ ਹੀ ਨਹੀਂ ਢੀਂਡਸਾ ਦੇ ਪੁੱਤਰ ਤੇ ਜਵਾਈ ਨੂੰ ਵੀ ਵੱਢੇ ਅਹੁਦਿਆਂ ਨਾਲ ਨਿਵਾਜਿਆ ਤੇ ਇਸੇ ਤਰ੍ਹਾਂ ਸੇਖਵਾਂ ਤੇ ਬਾਕੀ ਆਪੂ ਬਣੇ ਟਕਸਾਲੀਆਂ ਨੂੰ ਵੀ ਨਿਵਾਜਿਆ ਪ੍ਰੰਤੂ ਇਨ੍ਹਾਂ ਨੇ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਿਆ।

ਉਨ੍ਹਾਂ ਕਿਹਾ ਕਿ ਟਕਸਾਲੀ ਉਹ ਹੁੰਦਾ ਹੈ ਜਿਹੜਾ ਪਾਰਟੀ ਪ੍ਰਤੀ ਵਫ਼ਦਾਰ ਹੁੰਦਾ ਹੈ। ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਮੁਕਤ ਕਰਵਾਉਣ ਦੀਆਂ ਗੱਲਾਂ ਕਰ ਰਹੇ ਹਨ ਪਰ ਅਕਾਲੀ ਦਲ ਇਕ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਜੱਥੇਬੰਦੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ 'ਚ ਸਾਡੇ ਵਿਰੋਧੀ ਹਰ ਵਾਰ ਆਪਣੀ ਕਿਸਮਤ ਅਜਮਾਉਂਦੇ ਹਨ ਅਤੇ ਸੰਗਤ ਵੱਲੋਂ ਵਾਰ-ਵਾਰ ਨਕਾਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਹਕੂਮਤ ਦੌਰਾਨ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ ਤੇ ਕਾਂਗਰਸੀ ਮੰਤਰੀ ਤੇ ਵਿਧਾਇਕ ਸਿਆਸੀ ਵਿਰੋਧੀਆਂ ਤੇ ਆਮ ਲੋਕਾਂ ਨੂੰ ਡਰਾਉਣ ਲਈ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕੋਈ ਵਿਕਾਸ ਕਾਰਜ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵੇਲੇ ਅਸੀਂ ਕਿਸੇ ਤਰ੍ਹਾਂ ਦਾ ਘਪਲਾ ਕੀਤਾ ਸੀ ਤਾਂ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਨ੍ਹਾਂ ਕਿਹਾ ਕਿ ਕੈਪਟਨ ਸਭ ਤੋਂ ਵੱਡਾ ਗੱਪੀ ਹੈ। ਉਨ੍ਹਾਂ ਕਿਹਾ ਕਿ ਦੀ ਘਰ-ਘਰ ਨੌਕਰੀ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਸਰਕਾਰੀ ਨੌਕਰੀ ਪੰਜਾਬ ਦੇ ਨੌਜਵਾਨਾਂ ਨੂੰ ਨਹੀ ਦਿੱਤੀ ਗਈ ਜਦਕਿ ਅਕਾਲੀ-ਭਾਜਪਾ ਨੇ ਆਪਣੇ ਰਾਜ ਵਿਚ 2 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ, ਜਿੰਨ੍ਹਾਂ 'ਚੋਂ 40000 ਪੁਲਿਸ ਮੁਲਾਜ਼ਮ ਭਰਤੀ ਕੀਤੇ ਗਏ, ਜਿਹੜੇ ਸਾਡੇ ਵਰਕਰਾਂ 'ਤੇ ਹੀ ਅੱਜ ਝੂਠੇ ਪਰਚੇ ਦੇ ਰਹੇ ਹਨ। ਉਨ੍ਹਾਂ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਤੰਜ ਕਸਦਿਆਂ ਕਿਹਾ ਕਿ ਇਹ ਸਾਡੇ ਵਾਲਾ ਜਿੱਥੇ ਵੀ ਜਾਂਦਾ ਖਜਾਨਾ ਖਾਲੀ ਰੱਖਦਾ ਹੈ।

ਇਸ ਮੌਕੇ ਸਟੇਜ ਦੀ ਜਿੰਮੇਵਾਰੀ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੱਲੋਂ ਨਿਭਾਈ ਗਈ। ਇਸ ਕਾਨਫਰੰਸ ਵਿਚ ਵਿਸੇਸ਼ ਤੌਰ 'ਤੇ ਸ਼ਾਮਲ ਹੋਏ ਬੀਜੇਪੀ ਆਗੂ ਰਜਿੰਦਰ ਭੰਡਾਰੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਰਾਂ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਸਿੰਘ ਬਰਾੜ, ਸਿਕੰਦਰ ਸਿੰਘ ਮਲੂਕਾ, ਜੱਥੇਦਾਰ ਤੋਤਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਦੇਵ ਸਿੰਘ ਮਾਨ, ਪ੍ਰਧਾਨ ਨਗਰ ਕੌਂਸਲ ਹਰਪਾਲ ਸਿੰਘ ਬੇਦੀ, ਪਰਮਬੰਸ ਸਿੰਘ ਬੰਟੀ ਰੋਮਾਣਾ, ਮਨਤਾਰ ਸਿੰਘ ਬਰਾੜ, ਜਗਦੀਪ ਸਿੰਘ ਨਕਈ, ਹਰਦੀਪ ਸਿੰਘ ਡਿੰਪੀ ਢਿੱਲੋਂ, ਨਵਤੇਜ ਸਿੰਘ ਕਾਉਣੀ, ਸਰੂਪ ਸਿੰਘ ਨੰਦਗੜ੍ਹ, ਪ੍ਰੀਤਇੰਦਰ ਸਿੰਘ ਐਡਵੋਕੇਟ, ਨੰਬਰਦਾਰ ਬੇਅੰਤ ਸਿੰਘ ਲਾਲੀ, ਗੁਰਜੀਤ ਸਿੰਘ ਖਾਲਸਾ ਸੰਗੂਧੌਣ ਆਦਿ ਮੌਜੂਦ ਸਨ।

Posted By: Jagjit Singh