ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰੋਡਵੇਜ਼ ਤੇ ਪਨਬੱਸ ਕਰਮਚਾਰੀਆਂ ਦੀ ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਪਨਬੱਸ ਡਿਪੂ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੰਮਲ ਹੜ੍ਹਤਾਲ ਕੀਤੀ ਗਈ। ਇਸ ਨਾਲ ਸਵੇਰ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ 'ਚ ਸੁੰਨਸਾਨ ਪਸਰੀ ਰਹੀ। ਇਸ ਮੌਕੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੇ ਸੂਬਾਈ ਮੀਤ ਪ੍ਰਧਾਨ ਅੰਗਰੇਜ਼ ਸਿੰਘ ਤੇ ਪਨਬੱਸ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ 2017 'ਚ ਸੱਤਾ 'ਚ ਆਉਣ ਲਈ ਜੋ ਵਾਅਦੇ ਮੁਲਾਜ਼ਮਾਂ ਤੇ ਲੋਕਾਂ ਨਾਲ ਕੀਤੇ ਸਨ ਹੁਣ ਉਨ੍ਹਾਂ ਨੂੰ ਪੂਰਾ ਕਰਨ 'ਚ ਟਾਲ ਮਟੋਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਗੱਲ ਆਖੀ ਸੀ ਪਰ 13 ਸਾਲਾਂ ਤੋਂ ਕੰਨਟਰੈਕਟ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਅਜੇ ਤੱਕ ਪੱਤਾ ਨਹੀਂ ਕੀਤਾ ਗਿਆ। ਓਧਰ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਵੀ ਅਕਾਲੀ ਸਰਕਾਰ ਸਮੇਂ ਬਣਾਈ ਟਰਾਂਸਪੋਰਟ ਪਾਲਿਸੀ ਰੱਦ ਕਰਨ ਦੇ ਕੀਤੇ ਵਾਅਦੇ ਨੂੰ ਵੀ ਲਾਗੂ ਕਰਨ ਵਿਚ ਸਰਕਾਰ ਆਨਾਕਾਨੀ ਕਰ ਰਹੀ ਹੈ, ਯੂਨੀਅਨਾਂ ਨਾਲ ਹੋਏ ਫੈਸਲੇ ਮੁਤਾਬਕ ਰੋਡਵੇਜ਼ ਦੀਆਂ ਬੱਸਾਂ ਪਨਬੱਸ ਦੇ ਕਰਮਚਾਰੀਆਂ ਸਮੇਤ ਰੋਡਵੇਜ਼ 'ਚ ਮਰਜ਼ ਕਰ ਦੇਣ ਦਾ ਫੈਸਲਾ ਵੀ ਲਾਗੂ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਮੂਹ ਜੱਥੇਬੰਦੀ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਗੂਆਂ ਨਾਲ ਸਰਕਾਰਾਂ ਦੀਆਂ ਹੋਈਆਂ ਮੀਟਿੰਗਾਂ ਵੀ ਬੇਸਿੱਟਾ ਨਿਕਲੀਆਂ, ਜਿਸ ਕਾਰਨ ਰੋਡਵੇਜ਼ ਤੇ ਪਨਬੱਸ ਦੇ ਕਰਮਚਾਰੀਆਂ ਨੂੰ ਹੜ੍ਹਤਾਲ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸੇ ਲੜੀ ਤਹਿਤ ਵੀਰਵਾਰ ਨੂੰ ਡਿਪੂ ਦੇ ਗੇਟ ਅਤੇ ਬੱਸ ਸਟੈਂਡ 'ਤੇ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਨਵੇਂ ਨਵੇਂ ਕਾਨੂੰਨ ਪਾਸ ਕਰਕੇ ਉਲਟਾ ਮੁਲਾਜ਼ਮਾਂ 'ਤੇ ਬੋਝ ਪਾ ਰਹੀ ਹੈ, ਮੁਲਾਜ਼ਮ ਵਿਰੋਧੀ ਰਵੱਈਆ ਅਪਣਾ ਰਹੀ ਹੈ। ਇਸ ਮੌਕੇ ਸਮੂਹ ਜੱਥੇਬੰਦੀ ਨੇ ਕਿਸਾਨਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ। ਇਸ ਮੌਕੇ ਰੋਡਵੇਜ਼ ਤੇ ਪਨਬੱਸ ਦੇ ਆਗੂਆਂ ਤੋਂ ਇਲਾਵਾ ਜ਼ਿਲ੍ਹੇ ਦੀਆਂ ਹੋਰ ਮੁਲਾਜ਼ਮ ਜੱਥੇਬੰਦੀਆਂ ਤੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਰੋਡਵੇਜ਼ ਏਟਕ ਦੇ ਅੰਗਰੇਜ਼ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਮੁਕੰਦ ਸਿੰਘ, ਗੁਰਵਿੰਦਰ ਸਿੰਘ, ਅਜੈਬ ਸਿੰਘ, ਬਲਵੀਰ ਸਿੰਘ ਤੇ ਓਮ ਪ੍ਰਕਾਸ਼ ਮੌਜੂਦ ਸਨ।

------------

ਬੱਸਾਂ ਦੀ ਭਾਲ ਕਰਦੀਆਂ ਰਹੀਆਂ ਸਵਾਰੀਆਂ

ਰੋਡਵੇਜ਼ ਤੇ ਪਨਬੱਸ ਕਰਮਚਾਰੀਆਂ ਵੱਲੋਂ ਕੀਤੀ ਗਈ ਹੜ੍ਹਤਾਲ ਕਾਰਨ ਸਵੇਰ ਤੋਂ ਹੀ ਬੱਸਾਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਸਰਕਾਰੀ ਬੱਸਾਂ ਮੁਕੰਮਲ ਤੌਰ 'ਤੇ ਬੰਦ ਰਹੀਆਂ। ਹਲਾਕਿ ਪ੍ਰਰਾਇਵੇਟ ਬੱਸਾਂ ਦੀ ਆਵਾਜਾਈ ਜਾਰੀ ਰਹੀ। ਹੜ੍ਹਤਾਲ ਕਾਰਨ ਆਮ ਰਾਹਗੀਰਾਂ ਤੇ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਲੋਕ ਆਪਣੀਆਂ ਮੰਜ਼ਿਲਾਂ 'ਤੇ ਪਹੰੁਚਣ ਲਈ ਬੱਸਾਂ ਦੀ ਭਾਲ ਕਰਦੇ ਰਹੇ ਇਸ ਨਾਲ ਬੱਸ ਸਟੈਂਡ ਦੇ ਕੋਲ ਦਿਨ ਭਰ ਟ੍ਰੈਫਿਕ ਦੀ ਸਮੱਸਿਆ ਬਣੀ ਰਹੀ।