ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਇੰਚਾਰਜ ਨੇ ਸੂਬੇ ਦੇ ਖੇਡ ਮੰਤਰੀ ਨੂੰ ਬੁੱਧਵਾਰ ਸਵੇਰੇ ਪਿੰਡ ਮੋਹਲਾਂ 'ਚ ਉਨ੍ਹਾਂ ਦੇ ਕਾਫ਼ਲੇ ਵਾਲੀ ਗੱਡੀ 'ਚੋਂ ਇਹ ਕਹਿੰਦਿਆਂ ਉਤਾਰ ਦਿੱਤਾ ਕਿ ਇਹ ਸਰਕਾਰੀ ਗੱਡੀ ਹੈ।

ਹਾਲਾਂਕਿ ਇਸ ਗੱਲ ਨੂੰ ਲੈ ਕੇ ਖੇਡ ਮੰਤਰੀ ਅਤੇ ਸੁਰੱਖਿਆ ਇੰਚਾਰਜ 'ਚ ਬਹਿਸ ਵੀ ਹੋਈ ਜਿਸ 'ਚ ਵਿਧਾਇਕ ਰਾਜਾ ਵੜਿੰਗ ਵੀ ਖੇਡ ਮੰਤਰੀ ਦੀ ਹਮਾਇਤ 'ਤੇ ਆਏ ਪਰ ਸੁਰੱਖਿਆ ਇੰਚਾਰਜ ਨੇ ਕਿਸੇ ਦੀ ਨਹੀਂ ਸੁਣੀ ਜਿਸ ਵੇਲੇ ਇਹ ਗੱਲ ਹੋ ਰਹੀ ਸੀ ਉਦੋਂ ਮੁੱਖ ਮੰਤਰੀ ਉਸ ਤੋਂ ਪਿਛਲੀ ਗੱਡੀ 'ਚ ਹੀ ਬੈਠੇ ਹੋਏ ਸਨ ਪਰ ਉਨ੍ਹਾਂ ਇਸ ਸਬੰਧ 'ਚ ਕੁਝ ਨਹੀਂ ਕਿਹਾ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਾਲਾਬਾਦ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਆਏ ਸਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੋਹਲਾਂ 'ਚ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਤਾਰਨ ਵਾਲਾ ਹੈਲੀਪੈਡ ਬਣਾਇਆ ਗਿਆ ਸੀ ਜਿੱਥੇ ਕਾਂਗਰਸੀ ਆਗੂ ਅਤੇ ਮੰਤਰੀ ਵੀ ਪਹੁੰਚੇ ਹੋਏ ਸਨ।

ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੱਡੀ 'ਚ ਸਵਾਰ ਹੋ ਕੇ ਜਾਣ ਲੱਗੇ ਤਾਂ ਉਨ੍ਹਾਂ ਦੇ ਕਾਫ਼ਲੇ ਵਾਲੀ ਗੱਡੀ 'ਚ ਸੂਬੇ ਦੇ ਖੇਡ ਮੰਤਰੀ ਤੇ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਬੈਠ ਗਏ ਜਦ ਹੈਲੀਪੈਡ ਵਾਲੀ ਜਗ੍ਹਾ ਤੋਂ ਗੱਡੀ ਸੜਕ 'ਤੇ ਆਈ ਤਾਂ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਖੂਬੀ ਰਾਮ ਨੇ ਕਾਫ਼ਲੇ ਵਾਲੀ ਗੱਡੀ ਰੁਕਵਾ ਲਈ ਅਤੇ ਉਹ ਖ਼ੁਦ ਪਹਿਲਾਂ ਥੱਲੇ ਆਏ ਤੇ ਪਿਛਲੀ ਬਾਰੀ ਖੋਲ੍ਹਦਿਆਂ ਉਨ੍ਹਾਂ ਰਾਣਾ ਸੋਢੀ ਨੂੰ ਗੱਡੀ 'ਚੋਂ ਥੱਲੇ ਉਤਰਨ ਲਈ ਕਿਹਾ ਉਨ੍ਹਾਂ ਕਿਹਾ ਕਿ ਇਹ ਸਰਕਾਰੀ ਗੱਡੀ ਹੈ ਤੁਸੀਂ ਇਸ 'ਚ ਨਹੀਂ ਬੈਠ ਸਕਦੇ ਜੇਕਰ ਨਾਲ ਜਾਣਾ ਹੈ ਤਾਂ ਆਪਣੀ ਨਿੱਜੀ ਗੱਡੀ 'ਚ ਆਉ।

ਜਦ ਰਾਣਾ ਸੋਢੀ ਨੇ ਕਿਹਾ ਕਿ ਉਹ ਤਾਂ ਇਸੇ 'ਚ ਜਾਣਗੇ ਤਾਂ ਖੂਬੀ ਰਾਮ ਕਹਿਣ ਲੱਗੇ ਕਿ ਫਿਰ ਮੇਰੀ ਗੱਡੀ ਪਾਸੇ ਲਗਵਾ ਦਿਓ ਮੈਂ ਨਹੀਂ ਜਾਵਾਂਗਾ, ਤੁਸੀਂ ਬੱਸ ਤਕ ਆਓ ਬੱਸ 'ਚ ਭਾਵੇਂ ਹੀ ਬੈਠ ਜਾਣਾ ਪਰ ਇਸ ਗੱਡੀ 'ਚ ਨਹੀਂ ਲੈ ਕੇ ਜਾਵਾਂਗੇ। ਇਸ 'ਤੇ ਰਾਣਾ ਸੋਢੀ ਨੇ ਕਿਹਾ ਕਿ ਉਹ ਜਾਣਗੇ ਹੀ ਨਹੀਂ ਤਾਂ ਖੂਬੀ ਰਾਮ ਦਾ ਕਹਿਣਾ ਸੀ ਕਿ ਇਹ ਤੁਹਾਡੀ ਮਰਜ਼ੀ ਹੈ।

ਇਸੇ ਦੌਰਾਨ ਹੀ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਹਿਮਾਇਤ 'ਤੇ ਆਏ ਪਰ ਉਨ੍ਹਾਂ ਸਿਰਫ ਐਨਾ ਹੀ ਕਿਹਾ ਕਿ 'ਦਿਸ ਇਜ਼ ਵੈਰੀ ਬੈਡ ਖੂਬੀ ਰਾਮ ਜੀ। ਇਸ ਤੋਂ ਬਾਅਦ ਰਾਣਾ ਸੋਢੀ ਆਪਣੀ ਗੱਡੀ 'ਚ ਬੈਠ ਗਏ ਪਰ ਉਹ ਕਾਫ਼ਿਲੇ 'ਚ ਨਹੀਂ ਪਹੁੰਚੇ।