ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੇ ਪਿੰਡ ਝੁੱਗੇ ਰਣਜੀਤਗੜ੍ਹ 'ਚ ਪੁੱਤਰ ਵੱਲੋਂ ਗਲ਼ ਘੁੱਟ ਕੇ ਪਿਓ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪਿੰਡ ਝੁੱਗੇ ਰਣਜੀਤਗੜ੍ਹ ਦਾ ਜਗਤਾਰ ਸਿੰਘ (60) ਮਜ਼ਦੂਰੀ ਕਰਦਾ ਸੀ ਤੇ ਉਸ ਦੇ ਦੋ ਬੇਟੇ ਤੇ ਇਕ ਬੇਟੀ ਹੈ, ਜੋ ਕਿ ਵਿਆਹੇ ਹੋਏ ਹਨ। ਜਗਤਾਰ ਸਿੰਘ ਦਾ ਛੋਟਾ ਬੇਟਾ ਬਲਵੰਤ ਸਿੰਘ ਨਸ਼ੇ ਦਾ ਆਦੀ ਹੈ, ਜਿਸ ਕਾਰਨ ਘਰ 'ਚ ਕਲੇਸ਼ ਰਹਿੰਦਾ ਸੀ ਤੇ ਬਲਵੰਤ ਸਿੰਘ ਉਰਫ਼ ਬਿੱਟੂ ਦੀ ਪਤਨੀ ਵੀ ਉਸ ਤੋਂ ਤੰਗ ਆ ਕੇ ਪੇਕੇ ਰਹਿਣ ਲੱਗ ਪਈ ਹੈ।

ਐਤਵਾਰ ਰਾਤ ਨੂੰ ਕਰੀਬ 8 ਵਜੇ ਬਲਵੰਤ ਸਿੰਘ ਆਪਣੇ ਪਿਤਾ ਜਗਤਾਰ ਸਿੰਘ ਤੋਂ ਨਸ਼ੇ ਦੀ ਪੂਰਤੀ ਲਈ ਪੈਸਿਆਂ ਦੀ ਮੰਗ ਕਰਨ ਲੱਗਾ। ਇਸ ਦੌਰਾਨ ਦੋਵਾਂ 'ਚ ਝਗੜਾ ਹੋ ਗਿਆ। ਝਗੜਾ ਇਥੋਂ ਤਕ ਵੱਧ ਗਿਆ ਕਿ ਨਸ਼ੇੜੀ ਪੁੱਤ ਨੇ ਪਿਓ ਦਾ ਗਲ਼ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਸ ਮਾਮਲੇ 'ਚ ਥਾਣਾ ਸਦਰ ਪੁਲਿਸ ਨੇ ਜਗਤਾਰ ਸਿੰਘ ਦੇ ਵੱਡੇ ਪੁੱਤਰ ਕੁਲਵੰਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਲਾਸ਼ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।