ਜਤਿੰਦਰ ਭੰਵਰਾ/ਪਵਨ ਸਿੰਘ, ਸ੍ਰੀ ਮੁਕਤਸਰ ਸਾਹਿਬ/ਲੰਬੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁੱਕਰਵਾਰ ਨੂੰ ਲੰਬੀ ਖਿਉਵਾਲੀ ਨੈਸ਼ਨਲ ਹਾਈਵੇ ਜੀਟੀ ਰੋਡ 'ਤੇ ਕਿਸਾਨਾਂ ਦੇ ਪੱਖ 'ਚ ਤਿੰਨ ਘੰਟੇ ਪੱਕਾ ਮੋਰਚਾ ਲਗਾ ਕੇ ਜਾਮ ਲਗਾਇਆ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਆਗੂਆਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਅਗਵਾਈ 'ਚ ਕੇਂਦਰ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਖੇਤੀ ਆਰਡੀਨੈਂਸ ਰੱਦ ਕਰਨ ਦੀ ਮੰਗ ਕੀਤੀ। ਨਾਲ ਹੀ ਸੰਘਰਸ਼ ਦੀ ਅਗਲੀ ਰਣਨੀਤੀ ਤਹਿਤ 1 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਆਰਡੀਨੈਂਸਾਂ ਦੇ ਵਿਰੋਧ 'ਚ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ।

ਧਰਨੇ ਦੌਰਾਨ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਬੇਟੀ ਹਾਂ ਅਤੇ ਕਿਸਾਨਾਂ ਦਾ ਦੁੱਖ ਦਰਦ ਭਲੀ ਭਾਂਤ ਜਾਣਦੀ ਹਾਂ ਇਸ ਲਈ ਤਾਂ ਉਨ੍ਹਾਂ ਆਪਣੀ ਕੁਰਸੀ ਦਾ ਤਿਆਗ ਕਰ ਦਿੱਤਾ। ਪਰ ਕਾਂਗਰਸੀ ਅਤੇ 'ਆਪ' ਨੇਤਾ ਇਸ ਮੁੱਦੇ 'ਤੇ ਰਾਜਨੀਤੀ ਕਰ ਰਹੇ ਹਨ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸੀ ਕਿਸਾਨਾਂ ਦੇ ਬਿਲਕੁਲ ਵੀ ਹਿਤੈਸੀ ਨਹੀਂ ਹਨ।

ਕਾਂਗਰਸੀ ਇਸ ਮਾਮਲੇ 'ਚ ਹੁਣ ਵਿਰੋਧ ਦਾ ਸਿਰਫ ਦਿਖਾਵਾ ਕਰ ਰਹੇ ਹਨ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ 'ਚ ਕਾਂਗਰਸ ਸਰਕਾਰ ਆਉਣ 'ਤੇ ਇਸ ਖੇਤੀ ਆਰਡੀਨੈਂਸ ਨੂੰ ਲਾਗੂ ਕਰਨ ਦੀ ਗੱਲ ਕਰਦਿਆਂ ਸਮਰਥਨ ਦਿੱਤਾ ਸੀ। ਹੁਣ ਕਾਂਗਰਸੀ ਸਿਰਫ਼ ਡਰਾਮਾ ਕਰ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਖੇਤੀ ਆਰਡੀਨੈਂਸ ਕਿਸਾਨਾਂ ਦੇ ਹੱਕ ਵਿੱਚ ਹੁੰਦੇ ਤਾਂ ਸ਼੍ਰੋਮਣੀ ਅਕਾਲੀ ਦਲ ਇਸਦਾ ਵਿਰੋਧ ਕਦੇ ਨਾ ਕਰਦਾ ਕਿਉਂਕਿ ਸ਼੍ਰੋਮਣੀ ਅਕਾਲੀ ਕਿਸਾਨਾਂ ਦੀ ਪਾਰਟੀ ਹੈ। ਜੇਕਰ ਇਨ੍ਹਾਂ ਬਿੱਲਾਂ 'ਚ ਕਿਸਾਨਾਂ ਦਾ ਹਿੱਤ ਛੁਪਿਆ ਹੁੰਦਾ ਤਾਂ ਅੱਜ ਪੰਜਾਬ ਬੰਦ ਨਾ ਹੁੰਦਾ। ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ।

Posted By: Jagjit Singh