ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਬਾਬੇ ਨਾਨਕ ਨੂੰ ਹਾਕਮਾਂ ਵੱਲੋਂ ਕਰਾਮਤੀ ਬਾਬੇ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਉਲਟ ਹੈ। ਜਦਕਿ ਬਾਬੇ ਨਾਨਕ ਦੀ ਬਾਣੀ ਤੋਂ ਸਾਫ਼ ਸਪਸ਼ਟ ਹੁੰਦਾ ਹੈ ਕਿ ਉਹ ਕਰਾਮਾਤੀ ਨਹੀਂ, ਮਿਹਨਤੀ ਤੇ ਬਹੁਗੁਣੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਕਿਹਾ ਕਿ ਹਾਕਮਾਂ ਵੱਲੋਂ ਬਾਬੇ ਦੀ ਗਲਤ ਵਿਚਾਰਧਾਰਾ ਪੇਸ਼ ਕਰਨ ਦਾ ਮਕਸਦ ਕਿਰਤੀ, ਕਾਮਿਆਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਉਲਝਾਈ ਰੱਖਣਾ ਹੈ ਤਾਂ ਜੋ ਉਹ ਬਾਬੇ ਨਾਨਕ ਦੀ ਅਸਲ ਵਿਚਾਰਧਾਰਾ ਨਾ ਅਪਣਾ ਸਕਣ। ਇਸਤੋਂ ਬਾਅਦ ਬਾਬੇ ਨਾਨਕ ਦੀ ਅਸਲ 'ਤੇ ਚਾਨਣਾ ਪਾਉਂਦੇ ਹੋਏ, ਨੌਜਵਾਨ ਨੂੰ ਭਾਈ ਲਾਲੋਆ ਦੇ ਵਾਰਸਾਂ ਨੂੰ ਮਲਿਕ ਭਾਗੋ ਵਰਗੇ ਹਾਕਮਾਂ ਦੇ ਖਿਲਾਫ਼ ਇਕ ਸੰਘਰਸ਼ਸੀਲ ਲਹਿਰ ਖੜ੍ਹੀ ਕਰਨ ਦੀ ਪ੍ਰਰੇਰਣਾ ਦਿੱਤੀ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਗਗਨ ਸੰਗਰਾਮੀ ਨੇ ਸਮਾਜ ਵਿਚਲੇ ਹਲਾਤਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਵਿਦਿਆਰਥੀਆਂ ਨੂੰ ਇਨ੍ਹਾਂ ਸਮਾਜਿਕ ਕੁਰੀਤੀਆਂ ਖਿਲਾਫ਼ ਡਟਣ ਅਤੇ ਸਮਝ ਰੱਖਣ ਲਈ ਪ੍ਰਰੇਰਿਤ ਕੀਤਾ। ਅੰਤ 'ਚ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਕੌਰ ਨੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜਸਪ੍ਰਰੀਤ ਕੌਰ, ਮਨਪ੍ਰਰੀਤ ਕੌਰ, ਸੁਖਵੀਰ ਕੌਰ, ਸਤਨਾਮ ਸਿੰਘ, ਰਾਜਵਿੰਦਰ ਸਿੰਘ, ਅਰਸ਼ ਰੁਪਾਣਾ, ਮੁਕੇਸ਼ ਰੁਪਾਣਾ, ਸੰਦੀਪ ਕੌਰ, ਗੁਰਦਿੱਤਾ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਵਿਦਿਆਰਥੀ ਹਾਜ਼ਰ ਸਨ।