ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਥ ਦੇ ਨਾਮ 'ਤੇ ਰਾਜਨੀਤੀ ਕੀਤੀ ਹੈ, ਜਦਕਿ ਕਾਂਗਰਸ ਪਾਰਟੀ ਕਦੇ ਵੀ ਅਜਿਹਾ ਨਹੀਂ ਕਰਦੀ, ਉਹ ਹਮੇਸ਼ਾ ਹੀ ਆਪਣੇ ਵਿਕਾਸ ਕਾਰਜ ਨੂੰ ਲੈ ਕੇ ਵੋਟ ਮੰਗਦੀ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁਕਤਸਰ 'ਚ ਪੰਜਾਬ ਕਾਂਗਰਸ ਦੇ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਦੇ ਘਰ ਕੀਤਾ।

ਉਹ ਜਲਾਲਾਬਾਦ ਚੋਣ ਪ੍ਰਚਾਰ ਤੋਂ ਵਾਪਸ ਆਉਂਦੇ ਸਮੇਂ ਮੁਕਤਸਰ ਰੁਕੇ ਸੀ। ਉਨ੍ਹਾਂ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰੀ ਹਾਰ ਦੇਣਗੇ। ਸ਼੍ਰੋਅਦ ਵੱਲੋਂ ਕਾਂਗਰਸ 'ਤੇ ਚੋਣਾਂ ਦੌਰਾਨ ਨਸ਼ਾ ਵੰਡਣ ਦੇ ਦੋਸ਼ ਲਗਾਉਣ 'ਤੇ ਧਰਮਸੋਤ ਨੇ ਕਿਹਾ ਕਿ ਨਸ਼ੇ ਦੇ ਸੌਦਾਗਰ ਤਾਂ ਸੁਖਬੀਰ ਸਿੰਘ ਬਾਦਲ ਅਤੇ ਉਸਦਾ ਸਾਲਾ ਬਿਕਰਮ ਸਿੰਘ ਮਜੀਠੀਆ ਰਹੇ ਹਨ।

ਪਾਕਿ ਵੱਲੋਂ ਕਰਤਾਰਪੁਰ ਲਾਂਘੇ ਲਈ 20 ਡਾਲਰ ਦੀ ਸ਼ਰਤ ਰੱਖਣ 'ਤੇ ਧਰਮਸੋਤ ਨੇ ਕਿਹਾ ਕਿ ਅਜਿਹਾ ਕਰਕੇ ਪਾਕਿਸਤਾਨ ਨੇ ਆਪਣੀ ਭੁੱਖ ਦਿਖਾਈ ਹੈ ਪਰ ਉਹ ਸ਼ਰਧਾਲੂਆਂ ਨੂੰ ਰੋਕ ਨਹੀਂ ਸਕਦੇ। ਉਹ ਚਾਹੇ ਤਿੰਨ ਹਜ਼ਾਰ ਫੀਸ ਲਗਾ ਦੇਣ ਗੁਰੂ ਨੂੰ ਮੰਨਣ ਵਾਲੇ ਫਿਰ ਵੀ ਜਾਣਗੇ। ਕੇਂਦਰ ਸਰਕਾਰ ਨੂੰ ਇਸਦੇ ਲਈ ਪੂਰੇ ਪੈਸੇ ਭਰਨੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁਣ ਤਕ ਦੋ ਕਰੋੜ ਦੇ ਕਰੀਬ ਪੌਦੇ ਲਗਾਏ ਜਾ ਚੁੱਕੇ ਹਨ। ਵਾਤਾਵਰਨ ਨੂੰ ਬਚਾਉਣ ਲਈ ਪਰਾਲੀ ਨੂੰ ਵੀ ਅੱਗ ਨਹੀਂ ਲਗਾਉਣੀ ਚਾਹੀਦੀ। ਜੇ ਕੋਈ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਮੌਕੇ ਗੁਰਰਾਜ ਸਿੰਘ ਫੱਤਣਵਾਲਾ, ਕਰਮਜੀਤ ਕਰਮਾ, ਗੁਰਪ੍ਰਰੀਤ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।