ਅਮਨਦੀਪ ਮਹਿਰਾ, ਮਲੋਟ : ਮਲੋਟ ਉਪ ਮੰਡਲ ਦੇ ਪਿੰਡ ਰੱਤਾਖੇੜਾ ਦੇ ਇਕ 23 ਸਾਲਾ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਰਿਸ਼ਤੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਮਨੀਪਾਲ ਸਿੰਘ ਪੁੱਤਰ ਗੁਰਜੀਤ ਸਿੰਘ ਆਪਣੀ ਜ਼ਮੀਨ ਸੇਮ ’ਚ ਆ ਜਾਣ ਕਰ ਕੇ ਮੱਝਾਂ ਦਾ ਵਪਾਰ ਕਰਦਾ ਸੀ। ਇਸ ਧੰਧੇ ’ਚ ਉਸਦੇ ਪੈਸੇ ਕੁਝ ਲੋਕਾਂ ਵੱਲੋਂ ਵਾਪਸ ਨਹੀਂ ਕੀਤੇ ਸਨ। ਇਸ ਤੋਂ ਇਲਾਵਾ ਉਸਦੇ ਪਸ਼ੂ ਬਿਮਾਰ ਹੋਣ ਲੱਗ ਪਏ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਕਰਕੇ ਉਸਨੇ ਕੱਲ ਸ਼ਾਮ ਨੂੰ ਜ਼ਹਿਰੀਲੀ ਦਵਾਈ ਪੀ ਲਈ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਨੀਪਾਲ ਦੀ ਭੁਚੋਂ ਅਦੇਸ਼ ਮੈਡੀਕਲ ਕਾਲਜ ’ਚ ਮੌਤ ਹੋ ਗਈ ਜਿਥੋਂ ਲਾਸ਼ ਨੂੰ ਲਿਆ ਕਿ ਮਲੋਟ ਦੇ ਸਰਕਾਰੀ ਹਸਪਤਾਲ ਤੋਂ ਪੋਸਟ ਮਾਰਟਮ ਕਰਵਾਇਆ ਗਿਆ ਹੈ। ਕਬਰਵਾਲਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਮਨੀਪਾਲ ਤਿੰਨ ਭੈਣ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ ਤੇ ਅਤੇ ਅਜੇ ਕੁਆਰਾ ਸੀ।

Posted By: Ravneet Kaur