ਜਗਸੀਰ ਛੱਤਿਆਣਾ, ਗਿੱਦੜਬਾਹਾ : ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਗਿੱਦੜਬਾਹਾ ਵਿਚ ਕਿਸਾਨਾਂ ਨੂੰ ਸੰਬੋਧਨ ਕਰਨ ਲਈ ਪੁੱਜੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਾਡਾ ਅੰਦੋਲਨ ਹੁਣ ਲੰਬਾ ਚੱਲੇਗਾ।

ਇਸ ਮੌਕੇ ਉਨ੍ਹਾਂ ਨੇ ਲੱਖੇ ਸਿਧਾਣੇ ਬਾਰੇ ਬੋਲਦੇ ਹੋਏ ਕਿਹਾ, ''ਲੱਖਾ ਸਿਧਾਣਾ, ਸਾਡੇ ਅੰਦੋਲਨ ਦਾ ਹਿੱਸਾ ਬਣ ਕੇ ਚੱਲੇ, ਜੇ ਉਹਦੇ ਮਗਰ ਨੌਜਵਾਨ ਹਨ ਤਾਂ ਉਹ ਆਪਣੀ ਜਥੇਬੰਦੀ ਬਣਾ ਕੇ ਸਾਡੇ ਨਾਲ ਆ ਕੇ ਖੜ੍ਹੇ ਪਰ ਉੱਥੇ ਲੱਖੇ ਦੀ ਨਹੀਂ ਚੱਲੇਗੀ, ਜਥੇਬੰਦੀਆਂ ਜੋ ਫੈਸਲਾ ਕਰਨਗੀਆਂ ਉਹੀ ਮੰਨਣਾ ਪਏਗਾ''।

'26 ਜਨਵਰੀ ਵਾਲੀ ਘਟਨਾ' ਬਾਰੇ ਬੋਲਦਿਆਂ ਕਿਹਾ ਕਿ ਇਹ ਕੰਮ ਬਹੁਤ ਜ਼ਿਆਦਾ ਵਿਗੜ ਗਿਆ ਸੀ ਪਰ ਹੁਣ ਸਾਡੀ ਪਕੜ ਵਿਚ ਹੈ ਤੇ ਅੰਦੋਲਨ ਮੁਕਾਬਲਤਨ ਵਧੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਫਸੀ ਹੋਈ ਹੈ, ਇਕ ਹੱਥ ਮੋਦੀ ਦਾ ਕਾਰਪੋਰੇਟ ਘਰਾਣਿਆਂ ਦੇ ਹੱਥ 'ਵਿਚ ਹੈ ਅਤੇ ਦੂਸਰਾ ਹੱਥ ਸਾਡੇ ਹੱਥ ਵਿਚ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਨੂੰਨਾਂ ਨੂੰ ਡੇਢ ਸਾਲ ਲਈ ਰੋਕਣ ਦੀ ਗੱਲ ਕਰ ਰਹੀ ਹੈ ਪਰ ਅਸੀਂ ਕਿਹਾ ਵੀ ਅਸੀਂ ਕਾਨੂੰਨ ਰੱਦ ਹੋਣ ਤੋਂ ਬਾਅਦ ਆਪਣਾ ਇਹ ਅੰਦੋਲਨ ਸਮਾਪਤ ਕਰਾਂਗੇ।

ਉਨ੍ਹਾਂ ਕਿਹਾ ਕਿ 6 ਤਰੀਕ ਨੂੰ ਸਾਡੇ ਵੱਲੋਂ ਦਿੱਲੀ ਦੇ ਵੱਡੇ ਰੋਡ ਜਾਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਆੜ੍ਹਤੀ ਵੀਰਾਂ ਦੀ ਹਾਜ਼ਰੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀ ਵੀਰਾਂ ਨੂੰ ਡਰਨ ਦੀ ਲੋੜ ਨਹੀਂ ਜੇਕਰ ਕੇਂਦਰ ਦੀ ਸਰਕਾਰ ਆੜ੍ਹਤੀਆਂ ਨੂੰ ਕਿਸੇ ਤਰੀਕੇ ਨਾਲ ਡਰਾਉਂਦੀ ਹੈ ਤਾਂ ਕਿਸਾਨ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।