ਜਗਸੀਰ ਛੱਤਿਆਣਾ, ਗਿੱਦੜਬਾਹਾ : ਗਿੱਦੜਬਾਹਾ ਦੀ ਨਵੀਂ ਅਨਾਜ ਮੰਡੀ ਵਿਖੇ ਕੋਵਿਡ-19 ਦੇ ਨਿਯਮਾਂ ਅਨੁਸਾਰ 72 ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਸਮਾਗਮ 'ਚ ਐੱਸਡੀਐੱਮ ਓਮ ਪ੍ਰਕਾਸ਼ ਗਿੱਦੜਬਾਹਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪਰਵਿੰਦਰ ਕੌਰ ਐਸਡੀਜੇਐਮ, ਮਨਦੀਪ ਸਿੰਘ ਜੇਐਮਆਈਸੀ, ਡੀਐਸਪੀ ਨਰਿੰਦਰ ਸਿੰਘ, ਨਾਇਬ ਤਹਿਸੀਲਦਾਰ ਕੰਵਲਜੀਤ ਸਿੰਘ, ਜਗਸੀਰ ਸਿੰਘ ਧਾਲੀਵਾਲ ਈਓ, ਪੰਕਜ ਕੁਮਾਰ ਸੀਡੀਪੀਓ ਆਦਿ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਸਨ। ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸ਼ੁਰੁਆਤ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਓਮ ਪ੍ਰਕਾਸ਼ ਨੇ ਦੇਸ਼ ਦੀ ਆਜ਼ਾਦੀ 'ਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਸਾਡੇ ਦੇਸ਼ ਨੂੰ ਪੂਰਨ ਤੌਰ ਤੇ ਗਣਤੰਤਰ ਕਹਾਉਣ ਦਾ ਮਾਣ ਤੇ ਸਤਿਕਾਰ ਉਨ੍ਹਾਂ ਮਹਾਨ ਸੂਰਬੀਰਾਂ, ਕ੍ਾਂਤੀਕਾਰੀਆਂ, ਨਿਧੱੜਕ ਯੋਧਿਆਂ ਦੀ ਬਦੌਲਤ ਹੀ ਹਾਸਲ ਹੋਇਆ ਹੈ। ਉਨ੍ਹਾਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਉ ਅੰਬੇਦਕਰ ਨੂੰ ਸਿਜਦਾ ਕਰਦੇ ਕਿਹਾ ਕਿ ਭਾਰਤੀ ਲੋਕਤੰਤਰ ਅਧੀਨ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਹੱਕ ਮਿਲਣ ਕਾਰਨ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਵਿਅਕਤੀਆਂ, ਵਰਗਾਂ ਤੇ ਬੋਲੀਆਂ ਬੋਲਣ ਵਾਲੇ ਵਰਗਾਂ 'ਚ ਆਪਸੀ ਸਬੰਧ ਮਜਬੂਤ ਹੋਏ ਹਨ। ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਣ ਵਾਲੇ ਸ਼ਹੀਦੇ-ਆਜਮ ਭਗਤ ਸਿੰਘ, ਰਾਜਗੁਰੁ, ਸੁਖਦੇਵ, ਉਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਆਦਿ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਐਸਡੀਐਮ ਓਮ ਪ੍ਰਕਾਸ਼ ਨੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਨੌਜਵਾਨਾਂ ਨੂੰ ਸ਼ਹੀਦਾਂ, ਯੋਧਿਆਂ, ਸੂਰਬੀਰਾਂ ਤੇ ਦੇਸ਼ ਭਗਤਾਂ ਦੀਆਂ ਮਹਾਨ ਕੁਰਬਾਨੀਆਂ ਦਾ ਸਨਮਾਨ ਕਰਦੇ ਹੋਏ ਉਨਾਂ ਦੇ ਵਿਖਾਏ ਰਾਹ ਤੇ ਚੱਲ ਕੇ ਦੇਸ਼ ਦੀ ਉਸਾਰੀ 'ਚ ਆਪਣਾ ਯੋਗਦਾਨ ਪਾਉਣ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਸਮਾਗਮ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।