ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਲੀਕ ਹੋਏ ਸੀਵਰੇਜ ਦੇ ਪਾਣੀ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੀਵਰੇਜ ਵਿਭਾਗ ਵਿਰੁੱਧ ਕਾਲਜ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹਾ ਆਗੂ ਰਾਜਵਿੰਦਰ ਸਿੰਘ ਤੇ ਸਤਨਾਮ ਸਿੰਘ ਨੇ ਕਿਹਾ ਕਿ ਪਹਿਲਾਂ ਸੀਵਰੇਜ ਦਾ ਪਾਣੀ ਲੀਕ ਹੋਣ ਕਰ ਕੇ ਸਿਰਫ਼ ਸ਼ਹਿਰ ਵਾਸੀ ਹੀ ਪਰੇਸ਼ਾਨ ਸਨ ਪਰੰਤੂ ਹੁਣ ਸੀਵਰੇਜ ਵਿਭਾਗ ਦੀ ਨਲਾਇਕੀ ਸਰਕਾਰੀ ਕਾਲਜ 'ਚ ਦੇਖਣ ਨੂੰ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਲੀਕ ਹੋਣ ਕਾਰਨ ਸਾਰਾ ਪਾਣੀ ਕਾਲਜ 'ਚ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ 'ਚ ਬੀਐੱਸਸੀ ਐਗਰੀਕਲਚਰ ਦੇ ਵਿਦਿਆਰਥੀਆਂ ਨੇ ਖੇਤੀ ਕੀਤੀ ਹੋਈ ਸੀ ਜੋ ਗੰਦੇ ਪਾਣੀ ਕਾਰਨ ਸਾਰੀ ਖ਼ਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੇ ਫੈਲੇ ਪਾਣੀ ਕਾਰਨ ਵਿਦਿਆਰਥੀ ਆਪਣਾ ਪ੍ਰਰੈਕਟੀਕਲ ਵੀ ਨਹੀਂ ਕਰ ਸਕਦੇ, ਜਿਸ ਕਰਨ ਉਨ੍ਹਾਂ ਦੀ ਪੜ੍ਹਾਈ 'ਤੇ ਮਾੜਾ ਅਸਰ ਪੈ ਰਿਹਾ ਹੈ। ਵਿਦਿਆਰਥੀ ਆਗੂ ਸੁਖਪ੍ਰਰੀਤ ਕੌਰ ਸੋਨੀ ਤੇ ਜਸਪ੍ਰਰੀਤ ਕੌਰ ਨੇ ਦੱਸਿਆ ਕਿ ਕਾਲਜ ਮੈਨੇਜਮੈਂਟ ਵੱਲੋਂ ਵੀ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਗਿਆ ਹੈ ਪਰ ਇਸ ਦਾ ਹੱਲ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸੀਵਰੇਜ ਜਾਮ ਹੋਣ ਕਾਰਨ ਬਾਥਰੂਮਾਂ ਦੇ ਪਾਣੀ ਦੀ ਨਿਕਾਸੀ ਵੱਡੀ ਸਮੱਸਿਆ ਬਣੀ ਹੋਈ ਹੈ। ਉੂਨ੍ਹਾਂ ਕਿਹਾ ਕਿ ਪਹਿਲਾਂ ਵੀ ਵਿਦਿਆਰਥੀਆਂ ਵੱਲੋਂ ਸੀਵਰੇਜ ਨੂੰ ਕਾਲਜ ਤੋਂ ਬਾਹਰ ਕੱਢਣ ਦੀ ਮੰਗ ਰੱਖੀ ਗਈ ਸੀ ਅਤੇ ਹੁਣ ਦੁਬਾਰਾ ਵਿਦਿਆਰਥੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਨ। ਇਸ ਮੌਕੇ ਮਨਪ੍ਰਰੀਤ ਕੌਰ, ਅਰਸ਼, ਗੁਰਦਿੱਤ ਸਿੰਘ, ਮੁਕੇਸ਼, ਖੁਸ਼ਪ੍ਰਰੀਤ ਆਦਿ ਵਿਦਿਆਰਥੀ ਮੌਜੂਦ ਸਨ।