ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਯੂਥ ਅਕਾਲੀ ਵੱਲੋਂ ਵੀਰਵਾਰ ਨੂੰ ਦਿਹਾਤੀ ਪ੍ਰਧਾਨ ਅਕਾਸ਼ਦੀਪ ਸਿੰਘ ਮਿੱਡੂਖੇੜਾ ਦੀ ਅਗਵਾਈ 'ਚ ਡੀਸੀ ਦਫ਼ਤਰ ਨੇੜੇ ਕੇਂਦਰ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ। ਆਗੂਆਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਕਾਸ਼ਦੀਪ ਸਿੰਘ ਮਿੱਡੂ ਖੇੜਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਅੱਜ ਦੇਸ਼ ਦਾ ਕਿਸਾਨ ਸੜਕਾਂ 'ਤੇ ਸੰਘਰਸ਼ ਲਈ ਮਜ਼ਬੂਰ ਹੈ। ਉਨ੍ਹਾਂ ਕਿਹਾ ਕਿ ਕਰੀਬ 70 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਇਸਦੇ ਬਾਵਜੂਦ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਕਿਸਾਨ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਨੂੰ ਵੱਧ ਤੋਂ ਵੱਧ ਸੰਘਰਸ਼ 'ਚ ਸ਼ਾਮਿਲ ਹੋਣ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਕਾਸ਼ਦੀਪ ਮਿੱਡੂਖੇੜਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਲੱਪੀ ਈਨਾ ਖੇੜਾ, ਸਰਕਲ ਪ੍ਰਧਾਨ ਰਣਜੋਧ ਸਿੰਘ ਲੰਬੀ, ਸਰਕਲ ਪ੍ਰਧਾਨ ਜਗਮੀਤ ਸਿੰਘ ਨੀਟੂ ਤੱਪਾਖੇੜਾ, ਲੱਕੀ ਉੜਾਂਗ ਹਲਕਾ ਪ੍ਰਧਾਨ ਮਲੋਟ, ਗੁਰਵਿੰਦਰ ਸਿੰਘ ਸਾਹਿਬ ਚੰਦ ਸਰਕਲ ਪ੍ਰਧਾਨ ਗਿੱਦੜਬਾਹਾ, ਸਰਕਲ ਪ੍ਰਧਾਨ ਬਿੱਕਰ ਸਿੰਘ ਬਲੋਚਕੇਰਾ, ਕੁਲਦੀਪ ਸਿੰਘ ਲੰਬੀ, ਜਗਮੀਤ ਸਿੰਘ ਚਹਿਲ ਖੁੱਡੀਆ, ਲੱਖੇਵਾਲੀ ਸਰਕਲ ਪ੍ਰਧਾਨ ਗੁਰਪਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਯੂਥ ਅਕਾਲੀ ਦਲ ਨੇ ਕੇਂਦਰ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ
Publish Date:Thu, 21 Jan 2021 06:18 PM (IST)

