ਜਗਸੀਰ ਛੱਤਿਆਣਾ, ਗਿੱਦੜਬਾਹਾ : ਕੇਂਦਰੀ ਟਰੇਡ ਯੂਨੀਅਨ ਦੇ ਸੱਦੇ ਤੇ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਕਰਦੇ ਹੋਏ ਨਗਰ ਕੌਂਸਲ ਗਿੱਦੜਬਾਹਾ ਵਿਖੇ ਸਫਾਈ ਸੇਵਕ ਯੂਨੀਅਨ ਵੱਲੋਂ ਪ੍ਰਧਾਨ ਰਾਜੇਸ਼ ਕੁਮਾਰ ਬੌਬੀ ਟਾਂਕ ਦੀ ਅਗਵਾਈ ਹੇਠ ਇਕ ਦਿਨਾ ਹੜ੍ਹਤਾਲ ਕੀਤੀ ਗਈ। ਇਸ ਦੌਰਾਨ ਧਰਨੇ ਲਾ ਕੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਪਣੀਆਂ ਹੱਕੀ ਮੰਗਾਂ ਸਬੰਧੀ ਪ੍ਰਧਾਨ ਰਾਕੇਸ਼ ਕੁਮਾਰ ਬੌਬੀ ਨੇ ਦੱਸਿਆ ਕਿ ਠੇਕਾ ਪ੍ਰਣਾਲੀ ਬੰਦ ਕਰਕੇ ਸਫਾਈ ਸੇਵਕਾਂ ਨੂੰ ਰੈਗੂਲਰ ਕਰਨ, ਸ਼ਹਿਰਾਂ ਦੀਆਂ ਬੀਟਾਂ ਅਨੁਸਾਰ ਨਵੀਂ ਭਰਤੀ, ਤਨਖਾਹਾਂ ਸਮੇਂ ਸਿਰ ਦੇਣ, ਬਰਾਬਰ ਕੰਮ ਬਰਾਬਰ ਤਨਖਾਹ ਦੇਣ, ਸੌਲਿਡ ਵੇਸਟ ਮੈਨੇਜਮੈਂਟ ਦਾ ਸਰਕਾਰੀਕਰਨ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੇ ਜਾਣ, ਸਪੈਸ਼ਲ ਭੱਤਾ 1000 ਰੁਪਏ ਮਹੀਨਾ ਕੀਤੇ ਜਾਣ, ਪੀਐੱਫ ਸਮੇਤ ਵਿਆਜ ਕਰਮਚਾਰੀਆਂ ਦੇ ਖਾਤੇ ਵਿਚ ਜਮਾਂ ਕਰਨ, ਸਫਾਈ ਕਰਮਚਾਰੀਆਂ ਦੀ ਬੇਸਿਕ-ਪੇ 30 ਹਜ਼ਾਰ ਰੁਪਏ ਕਰਨ ਆਦਿ ਵਰਗੀਆਂ ਮੰਗਾਂ ਮੁੱਖ ਹਨ। ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ ਟਾਂਕ ਤੋਂ ਇਲਾਵਾ ਸਕੱਤਰ ਅਮਿਤ ਕੁਮਾਰ, ਰਾਜਿੰਦਰ ਕੁਮਾਰ ਮੇਟ, ਵਿਜੇ ਕੁਮਾਰ, ਜਤਿੰਦਰ ਕੁਮਾਰ, ਦੀਪਕ ਕੁਮਾਰ, ਦੇਵ ਰਾਜ, ਸਤਪਾਲ, ਬਾਲੇ ਰਾਮ, ਕਾਂਤਾ ਦੇਵੀ, ਬਬਲੀ ਦੇਵੀ ਤੇ ਬਿਮਲਾ ਦੇਵੀ ਆਦਿ ਵੀ ਮੌਜੂਦ ਸਨ।