ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਮੁਕਤਸਰ ਵਿਖੇ ਬਸੰਤ ਪੰਚਮੀ ਦੇ ਤਿਉਹਾਰ 'ਤੇ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਨਾਗਰਿਕਤਾ ਸੋਧ ਕਾਨੂੰਨ, ਕੌਮੀ ਨਾਗਰਿਕਤਾ ਰਜਿਸਟਰ, ਕੌਮੀ ਆਬਾਦੀ ਰਜਿਸਟਰ ਦਾ ਪਤੰਗ ਉਡਾ ਕੇ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਦੂਹੇਵਾਲਾ ਅਤੇ ਜ਼ਿਲ੍ਹਾ ਆਗੂ ਰਾਜਵਿੰਦਰ ਖੋਖਰ ਨੇ ਕਿਹਾ ਕਿ ਭਾਜਪਾ ਸਰਕਾਰ ਇਨ੍ਹਾਂ ਕਾਨੂੰਨਾਂ ਦੁਆਰਾ ਧਰਮ ਦੀ ਰਾਜਨੀਤੀ ਖੇਡ ਰਹੀ ਹੈ ਕਿਉਂਕਿ ਜਿਸ ਵਕਤ ਮੋਦੀ ਸਰਕਾਰ ਸੱਤਾ ਵਿਚ ਆਈ ਸੀ ਤਾਂ ਨਾਗਰਿਕ ਦੇ ਖਾਤੇ ਵਿਚ 15 ਲੱਖ ਰੁਪਏ ਪਾਉਣ, ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਪਰ ਮੋਦੀ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਦੂਜੇ ਪਾਸੇ ਦੇਸ਼ ਉਪਰ ਆਰਥਿਕ ਮੰਦੀ ਭਾਰੂ ਹੈ। ਇਨ੍ਹਾਂ ਮੁੱਦਿਆਂ ਵੱਲ ਧਿਆਨ ਦੇਣ ਦੀ ਬਜਾਏ ਮੋਦੀ ਸਰਕਾਰ ਆਪਣੇ ਫਾਸ਼ੀਵਾਦੀ ਏਜੰਡੇ 'ਚ ਉਲਝਾ ਰਹੀ ਹੈ। ਪੀਐਸਯੂ ਆਗੂ ਜਸਪ੍ਰਰੀਤ ਕੌਰ, ਸੁਖਵੀਰ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ 'ਚ ਵਿਦਿਆਰਥੀਆਂ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਇਹ ਇਸ ਗੱਲ ਦੀ ਅਗਵਾਈ ਭਰਦਾ ਹੈ ਕਿ ਸਰਕਾਰ ਦੇ ਫਿਰਕੂਪ੍ਰਸਤੀ ਏਜੰਡੇ ਨੂੰ ਦੇਸ਼ ਦੇ ਵਿਦਿਆਰਥੀਆਂ ਵੱਲੋਂ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਮਨਪ੍ਰਰੀਤ ਕੌਰ, ਹਨੀ ਮਹਾਂਬੱਧਰ, ਬੇਅੰਤ ਕੌਰ, ਅਰਸ਼ ਰੁਪਾਣਾ, ਮੁਕੇਸ਼ ਰੁਪਾਣਾ, ਕੁਲਦੀਪ ਸਿੰਘ, ਸੰਦੀਪ ਕੌਰ, ਅਮਨਦੀਪ ਕੌਰ ਆਦਿ ਸ਼ਾਮਲ ਸਨ।