ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਬਿਜਲੀ ਬੋਰਡ ਮੁਲਾਜ਼ਮ ਤੇ ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਸ੍ਰੀ ਮੁਕਤਸਰ ਸਾਹਿਬ ਦੇ ਸਮੁੱਚੇ ਬਿਜਲੀ ਕਾਮਿਆਂ ਵੱਲੋਂ ਕੋਟਕਪੂਰਾ ਰੋਡ ਬਿਜਲੀ ਘਰ ਵਿਖੇ ਅਰਥੀ ਫੂਕ ਮੁਜ਼ਾਹਰਾ ਕਰਨ ਤੋਂ ਬਾਅਦ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬਲਜੀਤ ਮੋਦਲਾ, ਜੋਗਿੰਦਰ ਸਿੰਘ, ਬਲਜਿੰਦਰ ਸ਼ਰਮਾ, ਅਮਰਜੀਤ ਪਾਲ, ਨਛੱਤਰ ਥਾਂਦੇ, ਸੁਖਦੇਵ ਸਿੰਘ, ਸ਼ਮਸੇਰ ਸਿੰਘ, ਬੱਲਾ ਸਿੰਘ, ਬਲਜੀਤ ਕਿ੍ਪਾਲਕੇ, ਗੁਰਦੀਪ ਸਿੰਘ, ਬਲਦੇਵ ਸਿੰਘ, ਗੁਰਸੇਵਕ ਸਿੰਘ ਮਦਰੱਸਾ, ਬਲਜੀਤ ਕ੍ਰਿਪਾਲਕੇ, ਸੁਖਲਾਲ, ਬਸੰਤ ਸਿੰਘ ਤੋਂ ਇਲਾਵਾ ਹੋਰਨਾਂ ਆਗੂਆਂ ਨੇ ਕਿਹਾ ਕਿ ਦੋਵੇਂ ਮੈਨੇਜਮੈਂਟਾਂ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਦੀਆਂ ਮੰਨੀਆਂ ਹੋਈਆਂ ਮੰਗਾਂ ਵੀ ਦੇਣ ਤੋਂ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ 'ਚ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿਤੀ 01-01-2016 ਤੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਬਿਨਾਂ ਕਿਸੇ ਦੇਰੀ ਲਾਗੂ ਕੀਤੀ ਜਾਵੇ, ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਡੀਏ ਦੀਆਂ ਕਿਸ਼ਤਾਂ ਬਿਨਾ ਕਿਸੇ ਦੇਰੀ ਦੇ ਸਮੇਤ ਏਰੀਅਰ ਜਾਰੀ ਕੀਤੀਆਂ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕੀ ਸਥਾਈ ਭਰਤੀ ਕੀਤੀ ਜਾਵੇ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗ ਪੱਤਰ ਵਿੱਚ ਦਰਜ਼ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਬੋਰਡ ਦੇ ਡਾਇਰੈਕਟਰਾਂ ਦਾ ਫੀਲਡ ਵਿੱਚ ਆਉਣ 'ਤੇ ਿਘਰਾਓ ਕੀਤਾ ਜਾਵੇਗਾ ਅਤੇ ਫਰਵਰੀ ਵਿੱਚ ਬਿਜਲੀ ਮੰਤਰੀ, ਵਿੱਤ ਮੰਤਰੀ ਦੀ ਕੋਠੀ ਦਾ ਿਘਰਾਓ ਕੀਤਾ ਜਾਵੇਗਾ।