ਜਗਸੀਰ/ਦਵਿੰਦਰ, ਦੋਦਾ/ਗਿੱਦੜਬਾਹਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਦੀ ਅਗਵਾਈ ਵਿਚ ਗਿੱਦੜਬਾਹਾ ਨੇੜਲੇ ਪਿੰਡ ਮਧੀਰ ਤੋਂ 40 ਦੇ ਲਗਭਗ ਟਰੈਕਟਰ ਟਰਾਲੀਆਂ ਦਾ ਵੱਡਾ ਕਾਫਲਾ ਲੰਮੇਂ ਸੰਘਰਸ਼ਾਂ ਲਈ ਆਪਣੇ ਨਾਲ ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਵੱਲ ਰਵਾਨਾ ਹੋਇਆ, ਜਿਸ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ ਤੇ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂਆਂ ਵੱਲੋਂ ਹਰੀ ਝੰਡੀ ਦੇ ਕੇ ਦਿੱਲੀ ਵੱਲ ਤੋਰਿਆ ਗਿਆ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਪੂਰਨ ਸਿੰਘ ਦੋਦਾ ਨੇ ਕਿਹਾ ਕਿ ਦੇਸ਼ ਦੀ ਅਜਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਮਸਲੇ 'ਤੇ ਦੇਸ਼ ਭਰ ਵਿਚ ਇੰਨੀ ਵੱਡੀ ਲਹਿਰ ਬਣੀ ਹੈ ਤੇ ਜਦੋਂ ਲੋਕ ਲਹਿਰਾਂ ਹੜ ਦਾ ਰੂਪ ਧਾਰ ਕੇ ਆਪਣੇ ਨਿਸ਼ਾਨੇ ਵੱਲ ਨੂੰ ਵਧਦੀਆਂ ਹਨ ਤਾਂ ਉਨ੍ਹਾਂ ਦੇ ਅੱਗੇ ਵੱਡੀਆਂ ਵੱਡੀਆਂ ਰੁਕਾਵਟਾਂ ਵੀ ਤਿੰਨਕੇ ਵਾਂਗ ਰੁੜ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਮੀਨ ਕਿਸਾਨ ਦੀ ਮਾਂ ਹੈ ਤੇ ਕਿਸਾਨ ਆਪਣੀ ਜਮੀਨ ਨੂੰ ਬਚਾਉਣ ਲਈ ਹਰ ਤਰ੍ਹਾਂ ਦੇ ਜਬਰ ਜੁਲਮ ਦਾ ਟਾਕਰਾ ਕਰਦਿਆਂ ਸ਼ਾਂਤਮਈ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਭਾਂਵੇਂ ਹਰਿਆਣੇ ਦੀ ਖੱਟੜ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਥਾਂ-ਥਾਂ 'ਤੇ ਰੋਕਾਂ ਲਗਾ ਕੇ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਰਹੀ ਹੈ, ਪਰ ਹਰਿਆਣਾ ਦੇ ਕਿਸਾਨ, ਮਜ਼ਦੂਰ, ਮੁਲਾਜ਼ਮਾਂ ਸਮੇਤ ਸਾਰੇ ਲੋਕ ਸਾਡੇ ਨਾਲ ਹਨ ਤੇ ਉਹ ਵੀ ਆਪਣੀਆਂ ਜਮੀਨਾਂ ਬਚਾਉਣ ਲਈ ਸਾਡੇ ਸੰਘਰਸ਼ਾਂ ਦੇ ਸਾਥੀ ਹਨ। ਇਸ ਮੌਕੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਤੇ ਰਾਜਾ ਸਿੰਘ ਖੂਨਣ ਖੁਰਦ, ਲੋਕ ਮੋਰਚਾ ਪੰਜਾਬ ਦੇ ਆਗੂ ਪਿਆਰਾ ਲਾਲ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।