ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਬਿਜਲੀ ਬੋਰਡ ਮੁਲਾਜ਼ਮ, ਪੈਨਸ਼ਨਰ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਅਤੇ ਕੌਂਸਲ ਆਫ ਜੂਨੀਅਰ ਇੰਜਨੀਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਸ੍ਰੀ ਮੁਕਤਸਰ ਸਾਹਿਬ ਦੇ ਸਮੁੱਚੇ ਬਿਜਲੀ ਕਾਮਿਆਂ ਤੇ ਜੂਨੀਅਰ ਇੰਜਨੀਅਰ ਵੱਲੋਂ ਸਥਾਨਕ ਕੋਟਕਪੁਰਾ ਰੋਡ 'ਤੇ ਸਥਿਤ ਬਿਜਲੀ ਘਰ ਵਿਖੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਪੁਰਜੋਰ ਹਮਾਇਤ ਕੀਤੀ। ਇਸ ਦੌਰਾਨ ਬਿਜਲੀ ਕਾਮਿਆਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਕਿਹਾ ਕੇਂਦਰ ਸਰਕਾਰ ਕਾਲੇ ਕਾਨੂੰਨ ਲਿਆ ਕੇ ਕਿਸਾਨ ਮਜ਼ਦੂਰ ਤੇ ਹਰ ਵਰਗ ਦੀ ਲੁੱਟ ਦਾ ਰਾਹ ਪੱਧਰਾ ਕਰਨ 'ਚ ਲੱਗੀ ਹੈ ਜਿਸਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਆਗੂਆਂ ਨੇ ਕਿਹਾ ਕਿ ਜੋ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਹਨ ਉਨ੍ਹਾਂ ਦਾ ਸਿੱਧਾ ਅਸਰ ਕਿਸਾਨਾਂ 'ਤੇ ਤਾਂ ਪਵੇਗਾ ਹੀ ਨਾਲ ਹੀ ਭਾਰਤ ਦੇ ਸਮੁੱਚੇ ਲੋਕਾਂ ਲਈ ਵੀ ਘਾਤਕ ਸਾਬਤ ਹੋਵੇਗਾ। ਸਰਕਾਰੀ ਮੰਡੀਆਂ ਦੇ ਮੁਕਾਬਲੇ ਪ੍ਰਰਾਈਵੇਟ ਮੰਡੀਆਂ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਉਹ ਪ੍ਰਰਾਈਵੇਟ ਮੰਡੀਆਂ ਇਕ ਦੋ ਸਾਲ ਲਈ ਤਾਂ ਵੱਧ ਰੇਟ ਦੇਣਗੀਆਂ ਪਰ ਜਦ ਸਰਕਾਰੀ ਮੰਡੀਆਂ ਖ਼ਤਮ ਹੋ ਜਾਣਗੀਆਂ ਤਾਂ ਇਹ ਪ੍ਰਰਾਈਵੇਟ ਮੰਡੀਆਂ ਵਾਲੇ ਆਪਣੀ ਮਨਮਰਜ਼ੀ ਦਾ ਰੇਟ ਕਿਸਾਨਾਂ ਨੂੰ ਦੇਣਗੇ। ਇਸ ਲਈ ਪਹਿਲਾਂ ਹੀ ਵੱਡੇ ਨੁਕਸਾਨ ਝੱਲ ਰਿਹਾ ਕਿਸਾਨ ਤਬਾਹ ਹੋ ਜਾਵੇਗਾ। ਅਜਿਹੇ ਕਾਨੂੰਨਾਂ ਨਾਲ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਵੇਗਾ ਤੇ ਮਸ਼ੀਨੀਕਰਨ ਨਾਲ ਖੇਤੀ ਹੋਵੇਗੀ ਜਿਸ ਕਾਰਨ ਬੇਰੁਜ਼ਗਾਰੀ ਵਧੇਗੀ। ਆਮ ਲੋਕਾਂ ਨੂੰ ਕੰਮ ਨਹੀਂ ਮਿਲੇਗਾ, ਮਹਿੰਗਾਈ ਵਧੇਗੀ। ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਨਾਲ ਸਬੰਧਿਤ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਤਹਿਤ ਏਪੀਐਮਸੀ ਐਕਟ ਵਿੱਚ ਸੋਧ ਕੀਤੀ ਜਾਵੇ। ਇਸ ਮੌਕੇ ਬਲਜੀਤ ਮੋਦਲਾ, ਬਲਜਿੰਦਰ ਸ਼ਰਮਾ, ਜੋਗਿੰਦਰ ਸਿੰਘ, ਅਮਰਜੀਤ ਸਿੰਘ, ਨਛੱਤਰ ਥਾਂਦੇ, ਸ਼ਮਸੇਰ ਸਿੰਘ, ਬੂਟਾ ਸਿੰਘ, ਹਰਿੰਦਰ ਸਿੰਘ ਜੇਈ, ਗੁਰਦੀਪ ਸਿੰਘ, ਫਕੀਰ ਸਿੰਘ, ਬਸੰਤ ਸਿੰਘ, ਗੁਰਸੇਵਕ ਸਿੰਘ ਆਦਿ ਆਗੂ ਹਾਜ਼ਰ ਸਨ।