ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ 'ਚ ਸ਼ਾਮਿਲ ਸੱਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ 18 ਮਈ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਤੇ ਜਸਵਿੰਦਰ ਸਿੰਘ ਸੰਗੂਧੌਣ ਨੇ ਵੱਖ-ਵੱਖ ਪਿੰਡਾਂ 'ਚ ਲੋਕਾਂ ਨੂੰ ਲਾਮਬੰਦ ਕਰਨ ਮੌਕੇ ਮੀਟਿੰਗਾਂ ਦੌਰਾਨ ਦਿੱਤੀ। ਪਿੰਡ ਕੋਟਲੀ ਦੇਵਨ, ਲੰਡੇ ਰੋਡੇ, ਚੜੇਵਨ, ਡੋਹਕ 'ਚ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਗਿਆ। ਉਕਤ ਬੁਲਾਰਿਆਂ ਨੇ ਕਿਹਾ ਕਿ ਭਾਵੇਂ ਮਜ਼ਦੂਰ ਜਥੇਬੰਦੀਆਂ ਲੋਕ ਵਿਰੋਧੀ ਕਾਨੂੰਨਾਂ ਦੀ ਵਾਪਸੀ ਲਈ ਕਿਸਾਨਾਂ ਦੇ ਨਾਲ ਲਗਾਤਾਰ ਸ਼ੰਘਰਸ਼ ਦੇ ਮੈਦਾਨ ਵਿੱਚ ਹਨ ਪਰ ਹੁਣ ਕੇਂਦਰੀ ਸਰਕਾਰ ਦੇ ਨਾਲ-ਨਾਲ ਮਜ਼ਦੂਰ ਮੰਗਾਂ ਲਈ ਪੰਜਾਬ ਸਰਕਾਰ ਖਿਲਾਫ ਵੀ ਸ਼ੰਘਰਸ਼ ਤਿੱਖਾ ਕੀਤਾ ਜਾਵੇਗਾ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਤਿੰਨੇ ਖੇਤੀ ਕਾਨੂੰਨਾਂ, ਕਿਰਤ ਕਾਨੂੰਨਾਂ 'ਚ ਕੀਤੀਆਂ ਸੋਧਾਂ ਅਤੇ ਬਿਜਲੀ ਸੋਧ ਬਿੱਲ ਦੀ ਵਾਪਸੀ ਸਮੇਤ ਮਜ਼ਦੂਰਾਂ ਦੇ ਸਮੁੱਚੇ ਕਰਜੇ ਮਾਫ ਕਰਾਉਣ, ਲੋੜਵੰਦਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ, ਪੱਕੇ ਰੁਜ਼ਗਾਰ ਦੇ ਪ੍ਰਬੰਧ ਲਈ, ਸਰਬਜਨਕ ਜਨਤਕ ਵੰਡ ਪ੍ਰਣਾਲੀ ਨੂੰ ਸਚਾਰੂ ਅਤੇ ਰਸੋਈ ਵਰਤੋਂ ਦੀਆਂ ਸਭਨਾਂ ਚੀਜ਼ਾਂ ਦੀ ਮੰਗ ਤੋਂ ਇਲਾਵਾ ਦਲਿਤਾਂ 'ਤੇ ਹੋ ਰਹੇ ਜਬਰ ਖਿਲਾਫ ਅਤੇ ਬਿਜਲੀ ਦੇ ਵਾਧੂ ਆ ਰਹੇ ਬਿੱਲਾਂ ਦੀ ਮਾਫੀ ਆਦਿ ਮੰਗਾਂ ਤਹਿਤ 18 ਮਈ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰਜ਼ਾ ਮਾਫੀ, ਰਿਹਾਇਸ਼ੀ ਪਲਾਟਾਂ ਸਮੇਤ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਹੁਣ ਮਜ਼ਦੂਰਾਂ ਦੇ ਘਰਾਂ 'ਚੋਂ ਬਿਜਲੀ ਦੇ ਮੀਟਰ ਪੁੱਟੇ ਜਾ ਰਹੇ ਹਨ। ਇਸਤੋਂ ਇਲਾਵਾ ਲੰਬੀ ਹਲਕੇ ਦੇ ਬਲਾਤਕਾਰ ਪੀੜ੍ਹਤ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 18 ਮਈ ਨੂੰ ਜ਼ਿਲ੍ਹਾ ਭਲਾਈ ਦਫਤਰ ਮੂਹਰੇ ਦਿਨ ਰਾਤ ਲਗਾਤਾਰ ਧਰਨਾ ਦਿੱਤਾ ਜਾਵੇਗਾ। ਇਸ ਸਮੇਂ ਬਖਸ਼ੀਸ ਸਿੰਘ, ਰਮਨਦੀਪ ਕੌਰ, ਕਰਮਜੀਤ ਕੌਰ ਕੋਟਲੀ ਦੇਵਨ, ਜਸਪ੍ਰਰੀਤ ਕੌਰ, ਸੁਖਜੀਤ ਕੌਰ, ਨਿੰਦਰ ਕੌਰ ਲੰਡੇ ਰੋਡੇ, ਕੁਲਦੀਪ ਸਿੰਘ, ਗੁਰਦੀਪ ਕੌਰ, ਪ੍ਰਰੀਤਮ ਸਿੰਘ ਚੜ੍ਹੇਵਾਨ ਵੀ ਹਾਜ਼ਰ ਸਨ।