ਜਗਸੀਰ ਛੱਤਿਆਣਾ, ਗਿੱਦੜਬਾਹਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਅਗਵਾਈ ਹੇਠ ਰੇਲ ਰੋਕੋ ਪੋ੍ਗਰਾਮ ਤਹਿਤ ਸਥਾਨਕ ਲੰਬੀ ਵਾਲੇ ਫਾਟਕਾਂ 'ਤੇ ਧਰਨਾ ਲਗਾਇਆ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੱਕ ਸਘੰਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਅਤੇ ਅਜੈ ਮਿਸ਼ਰਾ ਨੂੰ ਗ੍ਹਿ ਰਾਜ ਮੰਤਰੀ ਦੇ ਆਹੁਦੇ ਤੋਂ ਬਰਖਾਸਤ ਕਰਕੇ ਗਿ੍ਫਤਾਰ ਕਰਨ ਲਈ 2 ਹਫਤਿਆਂ ਦਾ ਸਮਾਂ ਦਿੱਤਾ ਗਿਆ ਸੀ ਪਰ ਕਿਸਾਨਾਂ ਨੂੰ 2 ਮਿੰਟ 'ਚ ਖਦੇੜਣ ਭੜਕਾਊ ਅਤੇ ਧਮਕੀ ਭਰਪੂਰ ਬਿਆਨ ਵਾਲੇ ਕੇਂਦਰੀ ਮੰਤਰੀ ਖ਼ਿਲਾਫ਼ ਸਰਕਾਰ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਨਾਂ੍ਹ ਕਿਹਾ ਕਿ ਕੇਂਦਰ ਤੇ ਸੂਬਾਈ ਸਰਕਾਰਾਂ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਉਣ ਲਈ ਰੋਜ਼ਾਨਾ ਘੜੀਆਂ ਜਾ ਰਹੀਆਂ ਫਿਰਕੂਵਾਦੀ ਚਾਲਾਂ ਨੂੰ ਪਹਿਲਾਂ ਵਾਂਗ ਪੈਰਾਂ ਹੇਠ ਰੋਲ ਦਿੱਤਾ ਜਾਵੇਗਾ। ਉਨਾਂ੍ਹ ਸਿੰਘੂ ਬਾਰਡਰ 'ਤੇ ਬੇਅਦਬੀ ਦੇ ਨਾਮ 'ਤੇ ਕੀਤੇ ਕਤਲ ਨੂੰ ਮੰਦਭਾਗਾ ਕਰਾਰ ਦਿੱਤਾ। ਕਿਸਾਨ ਆਗੂ ਸੁੱਚਾ ਸਿੰਘ ਕੋਟਭਾਈ ਅਤੇ ਹਰਫੂਲ ਸਿੰਘ ਭਾਗਸਰ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ 5 ਜ਼ਿਲਿ੍ਹਆਂ 'ਚ ਨਰਮੇ ਦੀ ਫਸਲ ਦੀ ਤਬਾਹੀ ਦਾ ਪੂਰਾ ਮੁਆਵਜ਼ਾ ਲੈਣ ਲਈ ਖਜ਼ਾਨਾ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਦਾ ਘਰ ਘੇਰਿਆ ਹੋਇਆ ਹੈ ਪਰ ਹਾਲੇ ਤਕ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਕਦਮ ਮਿਲਾ ਕੇ ਚੱਲ ਰਹੀ ਹੈ। ਉਨਾਂ੍ਹ ਕਿਹਾ ਕਿ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਕੇ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਡੀਏਪੀ, ਯੂਰੀਆ ਅਤੇ ਬੀਜ਼ਾਂ ਦੀ ਕਿੱਲਤ ਦਾ ਮਾਮਲਾ ਚੁੱਕਿਆ ਅਤੇ ਇਸ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤਕ ਪੁਲਿਸ ਦੇ ਅਧਿਕਾਰ ਬੀਐਸਐਫ ਨੂੰ ਦੇਣ ਦੇ ਫੈਸਲੇ ਨੂੰ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਕਰਾਰ ਦਿੰਦੇ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਜੋਗਿੰਦਰ ਸਿੰਘ ਬੁੱਟਰ ਸ਼ਰੀਂਹ, ਕਾਲਾ ਸਿੰਘ ਮੱਲਣ, ਗੁਰਦੀਪ ਸਿੰਘ ਕੋਟਲੀ, ਬਿੱਕਰ ਸਿੰਘ ਭਲਾਈਆਣਾ, ਜੱਗਾ ਸਿੰਘ ਪਿਓਰੀ, ਨੀਟੂ ਸਿੰਘ ਪਿਓਰੀ, ਨਾਹਰ ਸਿੰਘ ਦੌਲਾ, ਬਲਦੇਵ ਸਿੰਘ ਸਾਹਿਬਚੰਦ, ਨੌਜਵਾਨ ਭਾਰਤ ਸਭਾ ਦੇ ਜਗਦੀਪ ਸਿੰਘ ਖੁੱਡੀਆਂ, ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਾਜਾ ਸਿੰਘ ਖੁੰਨਣ ਖੁਰਦ, ਬਲਾਕ ਮੁਕਤਸਰ ਦੇ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ, ਹਰਚਰਨ ਸਿੰਘ ਲੱਖੇਵਾਲੀ, ਬਾਜ ਸਿੰਘ ਚੱਕ ਮਦਰੱਸਾ ਅਤੇ ਗੁਰਦੀਪ ਸਿੰਘ ਲੁਹਾਰਾ ਹਾਜ਼ਰ ਸਨ।