ਵਿਕਾਸ ਭਾਰਦਵਾਜ, ਮੰਡੀ ਬਰੀਵਾਲਾ : ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਬਰੀਵਾਲਾ ਵੱਲੋਂ ਸਟੇਟ ਕਮੇਟੀ ਦੇ ਸੱਦੇ 'ਤੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ (ਪੀਐਸਪੀਸੀਐਲ) ਦੀ ਅਰਥੀ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਬਿਜਲੀ ਕਾਮਿਆਂ ਨੇ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਸਰਕਲ ਖ਼ਜਾਨਚੀ ਅਮਰਜੀਤ ਪਾਲ ਸ਼ਰਮਾ ਅਤੇ ਸਰਕਲ ਬਰੀਵਾਲਾ ਦੇ ਪ੍ਰਧਾਨ ਬੱਲਾ ਸਿੰਘ ਹਰਾਜ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਮੀਟਿੰਗ ਦੇ ਕੇ ਮਸਲੇ ਹੱਲ ਨਹੀਂ ਕਰ ਰਹੀ ਸਗੋਂ ਪੰਜਾਬ ਸਰਕਾਰ ਦੇ ਇਸ਼ਾਰਿਆਂ 'ਤੇ ਚੱਲਦਿਆਂ ਮੁਲਾਜ਼ਮਾਂ ਦੇ ਮਸਲੇ ਲਟਕਾ ਰਹੀ ਹੈ ਅਤੇ ਵਾਰ-ਵਾਰ ਮੀਟਿੰਗਾਂ ਦੇ ਬਹਾਨੇ ਲਾ ਕੇ ਗੱਲਬਾਤ ਕਰਨ ਤੋਂ ਟਾਲਾ ਵੱਟ ਰਹੀ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਖ਼ਜਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਪਰ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਕਾਰਪੋਰੇਟ ਘਰਾਣਿਆਂ ਨੂੰ ਲੁਟਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਜਲੰਧਰ ਦੇ ਗਰਿੱਡ ਸਕਾਡਾਂ ਅਧੀਨ ਕਰਕੇ ਨਿੱਜੀਕਰਨ ਵੱਲ ਕਦਮ ਵਧਾ ਰਹੀ ਹੈ ਜੋ ਕਿ ਵਾਪਸ ਪਾਵਰਕਾਮ ਨੂੰ ਹੀ ਦਿੱਤੇ ਜਾਣ, ਪਾਵਰਕਾਮ ਦੇ ਨਾਰਮਜ ਮੁਤਾਬਿਕ ਪੱਕੀ ਭਰਤੀ ਰਾਹੀਂ ਪੋਸਟਾਂ ਭਰੀਆਂ ਜਾਣ, ਆਊਟ ਸੋਰਸ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਸੰਨ 2004 ਤੋਂ 2010 ਤੱਕ ਰਹਿੰਦੇ ਮਿ੍ਤਕਾਂ ਦੇ ਵਾਰਿਸਾਂ ਨੂੰ ਨੌਕਰੀ ਦਾ ਹੱਕ ਦਿੱਤਾ ਜਾਵੇ, ਲਾਇਨਮੈਨ ਤੋਂ ਜੂਨੀਅਰ ਇੰਜੀਨੀਅਰ ਪਦਉੱਨਤੀ ਜਲਦ ਕੀਤੀ ਜਾਵੇ, ਲੰਮੇ ਸਮੇਂ ਤੋਂ ਕੰਮ ਕਰਦੇ ਪੀਟੀਐਸ ਕਾਮੇ ਰੈਗੁਲਰ ਕੀਤੇ ਜਾਣ, ਨਵੇਂ ਭਰਤੀ ਕੀਤੇ ਸਹਾਇਕ ਲਾਇਨਮੈਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਲਾਇਨਮੈਨ ਬਣਾਇਆ ਜਾਵੇ, ਸਕਿਲਡ ਵਰਕਰ ਦੀ ਤਨਖਾਹ ਦਿੱਤੀ ਜਾਵੇ, ਰਹਿੰਦਾ ਡੀਏ ਦਾ ਭੁਗਤਾਨ ਜਲਦੀ ਕੀਤਾ ਜਾਵੇ, ਰਹਿੰਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਪੇ-ਕਮਿਸ਼ਨ ਦੀ ਰਿਪੋਰਟ ਜਲਦ ਲਾਗੂ ਕੀਤੀ ਜਾਵੇ। ਮੁਕਤਸਰ ਮੰਡਲ ਅਧੀਨ ਕੰਮ ਕਰਦੇ ਐਸਐਸਏ ਦਾ ਓਵਰਟਾਈਮ ਦਾ ਬਕਾਇਆ ਜੋ 01-01-2018 ਤੋਂ ਖੜ੍ਹਾ ਹੈ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਨੇ ਮੀਟਿੰਗ ਦੇ ਕੇ ਮਸਲੇ ਹੱਲ ਨਾ ਕੀਤੇ ਤਾਂ ਸੰਘਰਸ਼ ਹੋਰ ਤੇਜ ਅਤੇ ਵਿਸ਼ਾਲ ਕੀਤਾ ਜਾਵੇਗਾ। ਇਸਤੋਂ ਇਲਾਵਾ ਇਸ ਰੋਸ ਰੈਲੀ ਦੌਰਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਪਰਾਲੀ ਨਾ ਸਾੜਣ ਦੇ ਪ੍ਰਬੰਧ ਪੰਜਾਬ ਸਰਕਾਰ ਕਰੇ ਅਤੇ ਕਿਸਾਨਾਂ ਦੇ ਦਰਜ਼ ਕੀਤੇ ਪਰਚੇ ਰੱਦ ਕੀਤੇ ਜਾਣ। ਇਸ ਮੌਕੇ ਉਥੇ ਫ਼ਕੀਰ ਸਿੰਘ, ਸੁਖਮਿੰਦਰ ਸਿੰਘ, ਗੁਰਮੇਲ ਸਿੰਘ ਅਤੇ ਸੀਐਚਬੀ ਦੇ ਕਾਮਿਆਂ ਦੇ ਆਗੂ ਜਗਬੀਰ ਸਿੰਘ ਤੋਂ ਇਲਾਵਾ ਹੋਰ ਯੂਨੀਅਨ ਮੈਂਬਰ ਹਾਜ਼ਰ ਸਨ।