ਜਗਸੀਰ ਛੱਤਿਆਣਾ, ਗਿੱਦੜਬਾਹਾ : ਪਿੰਡ ਹੁਸਨਰ 'ਚ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਝੰਡੇ ਹੇਠ ਇਕੱਠੇ ਹੋਏ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਜਗਜੀਤ ਸਿੰਘ ਜੱਸੇਆਣਾ ਤੇ ਟਹਿਲ ਸਿੰਘ ਹੁਸਨਰ ਦੀ ਅਗਵਾਈ 'ਚ ਗਿੱਦੜਬਾਹਾ ਥਾਣੇ ਦੇ ਮੁੱਖ ਅਫ਼ਸਰ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ਰਾਹੀਂ ਉਨ੍ਹਾਂ ਦੱਸਿਆ ਕਿ ਸ਼ਾਮਲਾਟ ਜਮੀਨ ਦਲਿਤਾਂ ਲਈ ਰਾਖਵੀਂ ਹੁੰਦੀ ਹੈ, ਇਸ ਲਈ ਪਿੰਡ ਹੁਸਨਰ ਦੇ ਦਲਿਤ ਭਾਈਚਾਰੇ ਵਲੋਂ ਸ਼ਾਮਲਾਟ ਵਿਚ ਬਣਾਇਆ ਗਿਆ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਨੂੰ ਢਾਹਿਆ ਗਿਆ ਹੈ, ਜਿਸ ਨਾਲ ਮਜ੍ਹਬੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਆਗੂਆਂ ਨੇ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਢਾਹੁਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਇਮਾਰਤ ਦੁਬਾਰਾ ਬਣਵਾਈ ਜਾਵੇ। ਮਜ਼ਦੂਰ ਪਰਿਵਾਰ ਦੀ ਰਾਣੀ ਕੌਰ ਪਤਨੀ ਮਨਜੀਤ ਸਿੰਘ ਦੀ ਲੜਕੀ ਰੀਤੂ ਜੋ ਕਿ ਝਗੜੇ ਦੌਰਾਨ ਜ਼ਖ਼ਮੀ ਹੋ ਗਈ ਸੀ, ਅਤੇ ਇਸ ਸਬੰਧੀ ਦੋਸ਼ੀਆਂ 'ਤੇ ਧਾਰਾ ਐਸਸੀ ਐਸਟੀ ਐਕਟ ਤਹਿਤ ਮਾਮਲਾ ਵੀ ਦਰਜ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗਿ੍ਫਤਾਰ ਕੀਤਾ ਜਾਵੇ ਅਤੇ ਪੀੜਤ ਮਜ਼ਦੂਰ ਪਰਿਵਾਰ ਨੂੰ ਯੋਗ ਮੁਆਵਜ਼ਾ ਦਿਵਾਇਆ ਜਾਵੇ। ਪਿੱਛਲੇ ਦਿਨਾਂ ਵਿਚ ਝਗੜੇ ਦੌਰਾਨ ਜਿੰਨ੍ਹਾਂ ਮਜ਼ਦੂਰਾਂ ਦੇ ਘਰ ਢਾਹੇ ਗਏ ਹਨ, ਉਨ੍ਹਾਂ ਨੂੰ ਘਰ ਬਣਾਉਣ ਲਈ ਜਗ੍ਹਾ ਅਤੇ ਮੁਆਵਜ਼ਾ ਦਿੱਤਾ ਜਾਵੇ ਅਤੇ ਘਰ ਢਹਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮਜਦੂਰਾਂ ਵਿਰੁੱਧ ਦਰਜ ਹੋਏ ਝੂਠੇ ਪਰਚੇ ਰੱਦ ਕੀਤੇ ਜਾਣ।