ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਟ੍ਰੈਫਿਕ ਜਾਮ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਬੋਲਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ ਅਤੇ ਹੈਲਪਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਹੀ। ਜਿਸ ਕਰਕੇ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ਵਿਚ ਕ੍ਰਮਵਾਰ 1500 ਰੁਪਏ ਅਤੇ 750 ਰੁਪਏ ਦਾ ਵਾਧਾ ਕੀਤਾ ਸੀ। ਪਰ ਪੰਜਾਬ ਸਰਕਾਰ ਨੇ 1500 ਦੀ ਥਾਂ 900 ਅਤੇ 750 ਦੀ ਥਾਂ 450 ਰੁਪਏ ਹੀ ਦਿੱਤੇ ਤੇ ਆਪਣੇ ਹਿੱਸੇ ਦੇ ਪੈਸੇ ਨਹੀ ਦਿੱਤੇ। ਪੋਸ਼ਣ ਅਭਿਆਨ ਦੇ ਪੈਸੇ ਵੀ ਪਿਛਲੇ ਦੋ ਸਾਲਾਂ ਤੋਂ ਨਹੀ ਦਿੱਤੇ ਗਏ। ਜਿਸ ਕਰਕੇ ਸੂਬੇ ਭਰ ਦੀਆਂ ਵਰਕਰਾਂ ਤੇ ਹੈਲਪਰਾਂ ਵਿਚ ਗੁੱਸੇ ਦੀ ਲਹਿਰ ਹੈ। ਬੁਲਾਰਿਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਚਾਰ ਵੱਡੀਆਂ ਰੋਸ ਰੈਲੀਆਂ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ਵਿਖੇ ਕੀਤੀਆਂ ਜਾਣਗੀਆਂ । ਇਸ ਸਮੇਂ ਯੂਨੀਅਨ ਦੀਆਂ ਆਗੂਆਂ ਨੇ ਪੰਜਾਬ ਸਰਕਾਰ ਦੇ ਨਾਮ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਸੰਦੀਪ ਕੌਰ ਝੁੱਗੇ, ਬਲਜਿੰਦਰ ਕੌਰ ਖੱਪਿਆਂਵਾਲੀ, ਪਰਮਜੀਤ ਕੌਰ ਬਾਵਾ, ਪਰਮਜੀਤ ਕੌਰ ਜਵਾਹਰੇ ਵਾਲਾ, ਸੁਖਵਿੰਦਰ ਕੌਰ ਸੰਗੂਧੌਣ ਅੰਮਿ੍ਤਪਾਲ ਕੌਰ ਥਾਂਦੇਵਾਲਾ, ਪ੍ਰਭਜੀਤ ਕੋਰ ਰਣਜੀਤਗੜ੍ਹ, ਸਰਬਜੀਤ ਕੌਰ ਕੌੜਿਆਂਵਾਲੀ, ਹਰਪ੍ਰਰੀਤ ਕੌਰ, ਕਿਰਨਪਾਲ ਕੌਰ ਮਹਾਂਬੱਧਰ, ਮਨਜੀਤ ਕੌਰ ਡੋਹਕ, ਰਾਜਪਾਲ ਕੌਰ ਚੜੇਵਾਨ, ਰਾਜਿੰਦਰ ਕੌਰ ਮੁਕਤਸਰ, ਇੰਦਰਪਾਲ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ ਝੀਂਡਵਾਲਾ, ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ, ਤੇਜਿੰਦਰ ਕੌਰ ਸਰਾਏਨਾਗਾ ਮੌਜੂਦ ਸਨ।