ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਨਾਲ ਲੱਗਦੇ ਮਾਡਲ ਟਾਊਨ 'ਚ ਸਥਿਤ 'ਏਕ ਪਰਿਆਸ ਨਸ਼ਾ ਛੁਡਾਊ ਸੈਂਟਰ' 'ਚ ਬੀਤੇ ਵੀਰਵਾਰ ਨੂੰ ਇਕ ਨੌਜਵਾਨ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਸੈਂਟਰ ਸੰਚਾਲਕ ਸਮੇਤ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਪਰ ਅਜੇ ਤਕ ਕੋਈ ਗਿ੍ਫਤਾਰੀ ਨਾ ਹੋਣ 'ਤੇ ਭੜਕੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਬੋਨੀ ਬੇਦੀ ਦੀ ਅਗਵਾਈ 'ਚ ਸੋਮਵਾਰ ਦੁਪਹਿਰ ਸਮੇਂ ਥਾਣਾ ਸਦਰ ਅੱਗੇ ਧਰਨਾ ਲਗਾ ਦਿੱਤਾ। ਮੁਲਜ਼ਮਾਂ ਦੀ ਗਿ੍ਫਤਾਰੀ ਦੀ ਮੰਗ ਕਰ ਰਹੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਉਰਫ਼ ਗੋਗੀ (19) ਵਾਸੀ ਬਠਿੰਡਾ ਰੋਡ ਗੁਰੂ ਨਾਨਕ ਬਸਤੀ ਜੋ ਕਿ ਨਸ਼ਾ ਕਰਨ ਦਾ ਆਦੀ ਸੀ ਤੇ ਉਹ ਬੀਤੇ ਪੰਜ ਮਹੀਨਿਆਂ ਤੋਂ 'ਏਕ ਪਰਿਆਸ ਨਸ਼ਾ ਛੁਡਾਊ ਸੈਂਟਰ' 'ਚ ਭਰਤੀ ਸੀ ਜਿੱਥੇ ਉਸਨੇ ਵੀਰਵਾਰ ਦੀ ਦੇਰ ਸ਼ਾਮ ਨੂੰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਨਸ਼ਾ ਛੁਡਾਊ ਸੈਂਟਰ ਦੇ ਸੰਚਾਲਕ ਮਨਪ੍ਰਰੀਤ ਸਿੰਘ, ਦੀਪਕ ਕੁਮਾਰ ਕੌਂਸਲਰ ਤੇ ਮਨਦੀਪ ਸਿੰਘ ਉਸਦੀ ਕੁੱਟਮਾਰ ਕਰਕੇ ਟਾਰਚਰ ਕਰਦੇ ਸੀ ਜਿਸ ਤੋਂ ਤੰਗ ਆ ਕੇ ਗੁਰਵਿੰਦਰ ਨੇ ਖੁਦਕੁਸ਼ੀ ਕੀਤੀ ਹੈ। ਥਾਣਾ ਸਦਰ ਪੁਲਿਸ ਨੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਉਕਤ ਤਿੰਨਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਸੀ ਪਰ ਇਸ ਮਾਮਲੇ 'ਚ ਹਾਲੇ ਤਕ ਕੋਈ ਗਿ੍ਫ਼ਤਾਰੀ ਨਹੀਂ ਹੋਈ ਸੀ। ਗਿ੍ਫ਼ਤਾਰੀ ਨੂੰ ਲੈ ਕੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਮਾਤਾ ਜਸਵਿੰਦਰ ਕੌਰ, ਭਰਾ ਸੁਖਚੈਨ ਸਿੰਘ ਤੇ ਹੋਰ ਲੋਕਾਂ ਨੇ ਥਾਣੇ ਅੱਗੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਉਨ੍ਹਾਂ ਕਰੀਬ ਤਿੰਨ ਵਜੇ ਤਕ ਸੜਕ ਵਿਚਾਲੇ ਧਰਨਾ ਲਗਾਈ ਰੱਖਿਆ। ਕਰੀਬ ਤਿੰਨ ਵਜੇ ਧਰਨੇ 'ਤੇ ਪਹੁੰਚੇ ਡੀਐਸਪੀ 'ਡੀ' ਜਸਮੀਤ ਸਿੰਘ ਅਤੇ ਥਾਣਾ ਇੰਚਾਰਜ ਪਰਮਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਮੁਲਜ਼ਮਾਂ ਦੀ ਜਲਦ ਗਿ੍ਫਤਾਰੀ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।