ਅਮਨਦੀਪ ਮਹਿਰਾ, ਮਲੋਟ : ਭਾਰਤੀ ਜਨਤਾ ਪਾਰਟੀ ਨੇ ਮਲੋਟ ਵਿਖੇ ਪਾਕਿਸਤਾਨ ਵਿਰੁੱਧ ਪ੍ਰਦਰਸ਼ਨ ਕਰਦਿਆਂ ਕੌਮੀ ਮਾਰਗ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਸਾੜਿਆ ਅਤੇ ਬੀਤੇ ਦਿਨੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਭਾਜਪਾ ਮੰਡਲ ਪ੍ਰਧਾਨ ਸੋਮ ਨਾਥ ਕਾਲੜਾ ਦੀ ਪ੍ਰਧਾਨਗੀ ਹੇਠ ਭਾਜਪਾ ਦਫਤਰ ਵਿਖੇ ਹੋਈ ਮੀਟਿੰਗ ਤੋਂ ਬਾਅਦ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਕੌਮੀ ਮਾਰਗ 'ਤੇ ਪ੍ਰਦਰਸ਼ਨ ਕਰਦਿਆਂ ਕੁਝ ਸਮੇਂ ਲਈ ਆਵਾਜਾਈ ਬੰਦ ਕਰਕੇ ਇਮਰਾਨ ਖਾਨ ਦਾ ਪੁਤਲਾ ਸਾੜਿਆ। ਭਾਜਪਾ ਆਗੂਆਂ ਮਨੋਹਰ ਲਾਲ ਨਾਗਪਾਲ, ਸੋਮ ਨਾਥ ਕਾਲੜਾ, ਗੁਰਸੇਵਕ ਸੇਖੋਂ ਸਮੇਤ ਆਗੂਆਂ ਨੇ ਕਿਹਾ ਕਿ ਇਕ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਕਰਤਾਰਪੁਰ ਲਾਂਘਾ ਖੋਹਲ ਕਿ ਖੁਦ ਨੂੰ ਸਿੱਖ ਧਰਮ ਦਾ ਹਮਾਇਤੀ ਹੋਣ ਦਾ ਦਾਅਵਾ ਕਰਦਾ ਹੈ, ਉਥੇ ਇਸ ਘਟਨਾ ਕਾਰਨ ਉਸਦਾ ਭਾਰਤ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ ਜਿਸ ਨੂੰ ਭਾਜਪਾ ਸਹਿਣ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਭੀੜ ਨੇ ਗੇਟ ਤੋੜ ਕੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਹਮਲੇ ਤੋਂ ਪਹਿਲਾਂ ਹਸਨ ਨੇ ਭੀੜ ਨੂੰ ਸੰਬੋਧਨ ਕੀਤਾ, ਉਸ ਨੇ ਸਿੱਖਾਂ ਨੂੰ ਨਨਕਾਣਾ ਸਾਹਿਬ ਤੋਂ ਬਾਹਰ ਕੱਢਣ ਤੇ ਗੁਰਦੁਆਰੇ ਦਾ ਨਾਂ ਬਦਲਣ ਦੀ ਧਮਕੀ ਦਿੱਤੀ ਉਨ੍ਹਾਂ ਪਾਕਿ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ 'ਚ ਸੀਏਏ ਬਣਨ ਤੋਂ ਬਾਅਦ ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਹਮਲੇ ਵਧ ਗਏ ਹਨ। ਇਸ ਮੌਕੇ ਭਾਜਪਾ ਆਗੂ ਗੁਰਸੇਵਕ ਸਿੰਘ ਸੇਖੋਂ, ਮਨੋਹਰ ਲਾਲ ਨਾਗਪਾਲ, ਚਰਨਜੀਤ ਖੁਰਾਣਾ, ਡਾ. ਪ੍ਰਰੇਮ ਜਾਗਿੜ, ਸੰਦੀਪ ਵਰਮਾ, ਰਵਿੰਦਰ ਗੋਰਵਰ, ਮੁਕੇਸ਼ ਜੱਗਾ, ਮੱਖਣ ਸੀਏ, ਜਗਦੀਸ਼ ਬਿਊਟੀ, ਸੁਭਾਸ਼ ਗੁੰਬਰ, ਰਾਜੂ, ਪ੍ਰਵੀਨ ਮਦਾਨ ਸਮੇਤ ਭਾਜਪਾ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।