ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : 31 ਜੁਲਾਈ ਨੂੰ ਮੋਟਰਸਾਇਕਲ ਮਾਰਚ ਦੀਆਂ ਤਿਆਰੀਆਂ ਸਬੰਧੀ ਨੌਜਵਾਨ ਭਾਰਤ ਸਭਾ ਵੱਲੋਂ ਇਕ ਭਰਵੀਂ ਮੀਟਿੰਗ ਪਿੰਡ ਸਮਾਘ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਆਜ਼ਾਦ, ਜ਼ਿਲ੍ਹਾ ਆਗੂ ਮਹਾਸ਼ਾ ਸਮਾਘ, ਇਕਾਈ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਘਰ-ਘਰ ਨੌਕਰੀ, ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ, ਕਿਸਾਨੀ ਕਰਜੇ ਮੁਆਫ ਕਰਨ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ। ਨਿੱਤ ਦਿਹਾੜੇ ਬੇਰੁਜ਼ਗਾਰਾਂ 'ਤੇ ਲਾਠੀਚਾਰਜ ਹੋ ਰਹੇ ਹਨ, ਨਵੀਂ ਭਰਤੀ ਨਹੀਂ ਕੀਤੀ ਜਾ ਰਹੀ, ਪੈਟਰੋਲ ਡੀਜਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ, ਪੇਂਡੂ ਡਿਸਪੈਂਸਰੀਆਂ ਵਿਚ ਗੋਡੇ ਗੋਡੇ ਘਾਹ ਉੱਗਿਆ ਹੋਇਆ ਹੈ। ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਪਿੱਛੇ ਹਟ ਗਈ ਹੈ। ਪੰਜਾਬ 'ਚ ਬਣੇ ਹੋਏ ਸੇਵਾ ਕੇਂਦਰ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਇਨਾਂ੍ਹ ਮਸਲਿਆਂ ਨੂੰ ਲੈ ਕੇ 31 ਜੁਲਾਈ ਨੂੰ ਮੁਕਤਸਰ ਦੇ ਪਿੰਡਾਂ ਵਿੱਚ ਕੱਢੇ ਜਾ ਰਹੇ ਮੋਟਰਸਾਈਕਲ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਰਾਜਦੀਪ ਸਮਾਘ, ਅਮਨਦੀਪ ਸਿੰਘ, ਫਤਹਿ ਸਮਾਘ, ਯਾਦਵਿੰਦਰ ਯਾਦੀ, ਸਰਬਜੀਤ ਸਿੰਘ ਤੋ ਇਲਾਵਾ ਹੋਰ ਵੀ ਨੌਜਵਾਨ ਸ਼ਾਮਿਲ ਸਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ ਡੀਜਲ ਦੀਆਂ ਕੀਮਤਾਂ ਨੂੰ ਜੀਐਸਟੀ ਦੇ ਘੇਰੇ ਵਿੱਚ ਲਿਆਂਦਾ ਜਾਵੇ, ਘਰੇਲੂ ਗੈਸ ਦੀਆਂ ਕੀਮਤਾਂ ਵੱਧਣ ਤੋਂ ਰੋਕੀਆਂ ਜਾਣ, ਮੱਤੇਵਾੜਾ ਜੰਗਲ ਦਾ ਉਜਾੜਾ ਬੰਦ ਕਰੋ, ਜੰਗਲ ਹੇਠ ਰਕਬੇ ਦਾ ਵਾਧਾ ਕਰੋ, ਪਿੰਡਾਂ ਵਿੱਚ ਡਿਸਪੈਂਸਰੀਆਂ ਤੇ ਬੰਦ ਪਏ ਹਸਪਤਾਲ ਚਾਲੂ ਕੀਤੇ ਜਾਣ, ਹਸਪਤਾਲਾਂ ਵਿੱਚ ਦਵਾਈਆਂ ਤੇ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇ, ਬੱਸਾਂ ਵਿੱਚ ਚੱਲਦੇ ਲੱਚਰ, ਅਸ਼ਲੀਲ ਗੀਤ, ਫਿਲਮਾਂ ਬੰਦ ਕੀਤੇ ਜਾਣ, ਪਿੰਡਾਂ ਵਿੱਚ ਨੌਜਵਾਨਾਂ ਲਈ ਖੇਡ ਗਰਾਉਂਡ, ਕਿੱਟਾਂ, ਕੋਚ ਤੇ ਡਾਇਟ ਦਾ ਪ੍ਰਬੰਧ ਕੀਤਾ ਜਾਵੇ, ਸ਼ਹੀਦ ਭਗਤ ਸਿੰਘ ਦੇ ਫਿਰੋਜਪੁਰ ਤੂੜੀ ਬਾਜ਼ਾਰ ਦੇ ਗੁਪਤ ਟਿਕਾਣੇ ਨੂੰ ਯਾਦਗਾਰ ਤੇ ਲਾਇਬੇ੍ਰਰੀ ਬਣਾਇਆ ਜਾਵੇ, ਰੀਗਲ ਸਿਨੇਮਾ ਮੋਗਾ ਨੂੰ ਸ਼ਹੀਦਾਂ ਦੀ ਯਾਦਗਾਰ ਤੇ ਲਾਇਬੇ੍ਰਰੀ ਬਣਾਇਆ ਜਾਵੇ, ਖੇਤੀ ਵਿਰੋਧੀ ਕਾਲੇ ਕਾਨੂੰਨ, ਮਜਦੂਰਾਂ ਵਿਰੋਧੀ ਲਿਆਂਦੇ ਕਾਲੇ ਕੋਡ ਰੱਦ ਕੀਤੇ ਜਾਣ ਅਤੇ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆ ਜਾਣ।