ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਦਿਨੋਂ ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਅਤੇ ਚੌਗਿਰਦੇ ਦੀ ਹਰਿਆਲੀ ਲਈ ਪਿੰਡ ਮਾਂਗਟਕੇਰ ਵਿਖੇ ਕਰੀਬ 4000 ਬੂਟੇ ਲਗਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਾਂਗਟਕੇਰ ਦੇ ਸਰਪੰਚ ਗੁਰਲਾਲ ਸਿੰਘ ਲਾਡੀ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ 'ਚ ਬੂਟੇ ਲਗਾਏ ਗਏ ਹਨ ਜਿੰਨਾਂ੍ਹ ਦੀ ਸੁਚੱਜੇ ਢੰਗ ਨਾਲ ਦੇਖਭਾਲ ਵੀ ਕੀਤੀ ਜਾ ਰਹੀ ਹੈ। ਉਨਾਂ੍ਹ ਦੱਸਿਆ ਕਿ ਪਿੰਡ 'ਚ 550 ਬੂਟੇ ਸਕੂਲ ਅਤੇ ਪੰਚਾਇਤੀ ਜਮੀਨ 'ਚ ਲਗਾਏ ਗਏ ਹਨ ਤੇ 2000 ਹਜ਼ਾਰ ਬੂਟੇ ਪਿੰਡ ਜੱਸੇਆਣਾ ਤੇ ਪਿੰਡ ਗੁਲਾਬੇਵਾਲਾ ਦੀ ਸੜਕ 'ਤੇ ਵਣ ਵਿਭਾਗ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 1000 ਬੂਟਾ ਵਾਟਰ ਵਰਕਸ 'ਚ ਲਗਾਇਆ ਗਿਆ ਹੈ। 300 ਬੂਟਾ ਪਿੰਡ ਦੀ ਫਿਰਨੀ 'ਤੇ ਅਤੇ 100 ਬੂਟਾ ਜਾਮਣ ਪੰਚਾਇਤੀ ਜ਼ਮੀਨ 'ਚ ਲਗਾਇਆ ਗਿਆ ਹੈ। ਉਨਾਂ੍ਹ ਕਿਹਾ ਕਿ ਇਨਾਂ੍ਹ ਬੂਟਿਆਂ 'ਚ ਜਾਮਣ, ਨਿੰਮ, ਬੋਹੜ, ਅੰਬ, ਅਮਰੂਦ, ਬਹੇੜਾ ਅਤੇ ਫੁੱਲਾਂ ਦੇ ਬੂਟੇ ਲਗਾਏ ਗਏ ਹਨ। ਉਨਾਂ੍ਹ ਕਿਹਾ ਕਿ ਸਾਡਾ ਵਾਤਾਵਰਣ ਦਿਨੋਂ ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਅਤੇ ਆਕਸੀਜਨ ਦੀ ਵੀ ਕਮੀ ਹੋ ਰਹੀ ਹੈ। ਉਨਾਂ੍ਹ ਦੱਸਿਆ ਕਿ ਉਨਾਂ੍ਹ ਦੀ ਸੋਚ ਜਲਦ ਹੀ ਆਸਪਾਸ ਹੋਰ ਬੂਟੇ ਲਗਾਉਣ ਦੀ ਵੀ ਹੈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਤਾਵਰਨ ਦੀ ਸੰਭਾਲ ਲਈ ਕੀਤੇ ਉਪਦੇਸ਼ਾਂ ਨੂੰ ਕਮਾਇਆ ਜਾ ਸਕੇ। ਉਨਾਂ੍ਹ ਹੋਰਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਇਕ ਮਨੁੱਖ ਨੂੰ ਦਰੱਖਤ ਜਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਚੌਗਿਰਦੇ ਨੂੰ ਹਰਾ ਭਰਾ ਰੱਖਿਆ ਜਾ ਸਕੇ। ਉਨਾਂ੍ਹ ਦੱਸਿਆ ਕਿ ਇਸ ਕਾਰਜ 'ਚ ਮੈਂਬਰ ਪੰਚਾਇਤ ਸਰਬਜੀਤ ਕੌਰ, ਮੈਂਬਰ ਪੰਚਾਇਤ ਸਵਰਨਜੀਤ ਕੌਰ, ਮੈਂਬਰ ਪੰਚਾਇਤ ਬਲਜੀਤ ਕੌਰ, ਮੈਂਬਰ ਪੰਚਾਇਤ ਰਣਜੀਤ ਸਿੰਘ ਤੋਂ ਇਲਾਵਾ ਵਣ ਗਾਰਡ ਸੁਖਦੀਪ ਕੌਰ ਥਾਂਦੇਵਾਲਾ ਅਤੇ ਰਾਜਾ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਹਿਯੋਗ ਰਿਹਾ।