ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਸਿੱਧੂ ਤੇ ਸਿਹਤ ਵਿਭਾਗ ਪੰਜਾਬ ਵੱਲੋਂ ਕੋਵਿਡ-19 ਬਿਮਾਰੀ 'ਤੇ ਕਾਬੂ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਦੇ ਨਾਲ ਗੈਰ ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ 'ਤੇ ਵੱਖ-ਵੱਖ ਸਿਹਤ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਮਿਸ਼ਨ ਫਤਿਹ ਮੁਹਿੰਮ ਚਲਾਈ ਗਈ ਹੈ। ਇਸ ਜਾਗਰੂਕਤਾ ਮੁਹਿੰਮ ਅਧੀਨ ਕੋਰੋਨਾ ਤੇ ਕੰਟਰੋਲ ਅਤੇ ਜਲਦੀ ਟੈਸਟ ਕਰਵਾਉਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਚੇਤਨਾ ਵੈਨ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦੀ ਦੇਖਰੇਖ 'ਚ ਅਤੇ ਐੱਸਐੱਮਓ ਡਾ. ਸ਼ਤੀਸ਼ ਗੋਇਲ ਦੀ ਅਗਵਾਈ 'ਚ ਸ੍ਰੀ ਮੁਕਤਸਰ ਸਾਹਿਬ ਦੇ ਅਰਬਨ ਏਰੀਏ ਦੇ ਵੱਖ-ਵੱਖ ਖੇਤਰਾਂ ਖਾਸ ਕਰਕੇ ਕੋਰੋਨਾ ਪ੍ਰਭਾਵਿਤ ਖੇਤਰਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਹ ਵੈਨ ਆਡੀਓ ਤੇ ਵੀਡੀਓ ਨਾਲ ਲੈਸ ਹੈ। ਇਹ ਵੈਨ ਕੋਰੋਨਾ ਦੀ ਜਾਗਰੂਕਤਾ ਦੇ ਨਾਲ-ਨਾਲ ਡੇਂਗੂ, ਮਲੇਰੀਆਂ, ਸਵਾਇਨ ਫਲੂ, ਕੈਂਸਰ, ਹੈਪਾਟਾਈਟਸ ਸੀ, ਏਡਜ਼ ਬਿਮਾਰੀਆਂ ਦੇ ਲੱਛਣ, ਬਚਣ ਸਬੰਧੀ ਤੇ ਸਿਹਤ ਵਿਭਾਗ ਦੀਆਂ ਮੁਫ਼ਤ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਇਸ ਮੌਕੇ ਗੁਰਤੇਜ ਸਿੰਘ, ਵਿਨੋਦ ਖੁਰਾਣਾ, ਭਗਵਾਨ ਦਾਸ, ਵਕੀਲ ਸਿੰਘ ਨੇ ਦੱਸਿਆ ਕਿ ਕੋਰੋਨਾ ਨਾਲ ਜ਼ਿਆਦਾਤਰ ਮੌਤਾਂ ਹੋਣ ਦਾ ਕਾਰਨ ਦੇਰੀ ਨਾਲ ਟੇੈਸਟ ਕਰਵਾਉਣਾ ਤੇ ਗੈਰ ਸੰਚਾਰੀ ਬਿਮਾਰੀਆਂ ਜਿਵੇ ਸ਼ੂਗਰ, ਕੈਸਰ, ਬਲੱਡ ਪ੍ਰਰੈਸ਼ਰ, ਸਟ੍ਰੋਕ ਤੇ ਦਿਲ ਦੀਆਂ ਬਿਮਾਰੀਆਂ ਕਾਰਨ ਹੋ ਰਹੀਆਂ ਹਨ ਜੇਕਰ ਇਨ੍ਹਾਂ ਬਿਮਾਰੀਆਂ ਦੀ ਸਮੇਂ ਸਿਰ ਜਾਂਚ ਕਰਕੇ ਇਲਾਜ ਕਰਵਾਇਆ ਜਾਵੇ ਤਾਂ ਇਨ੍ਹਾਂ ਦੇ ਬੁਰੇ ਪ੍ਰਭਾਵਾਂ ਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਗੈਰ ਸੰਚਾਰੀ ਬਿਮਾਰੀਆਂ ਦਾ ਇਲਾਜ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਤਪਾਲਾਂ ਵਿਚ ਮੁਫ਼ਤ ਕੀਤਾ ਜ਼ਾਂਦਾ ਹੈ। ਇਹ ਵੈਨ ਇੱਕ ਮਹੀਨਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਜਾ ਕੇ ਕੋਰੋਨਾ ਤੇ ਹੋਰ ਬਿਮਾਰੀਆਂ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕਰਨ ਦੇ ਨਾਲ ਪੰਜਾਬ ਸਰਕਾਰ ਦੀਆਂ ਸਿਹਤ ਸੁਧਾਰ ਸਕੀਮਾਂ ਬਾਰੇ ਵੀ ਚੇਤੰਨ ਕਰੇਗੀ। ਉਨ੍ਹਾਂ ਦੱਸਿਆਂ ਕਿ ਇਸ ਵੈਨ ਦਾ ਮੁੱਖ ਮਕਸਦ ਲੋਕਾਂ ਨੂੰ ਕੋਰੋਨਾ ਤੋਂ ਇਲਾਵਾ ਹੋਰ ਬਿਮਾਰੀਆਂ ਤੋਂ ਬਚਣ ਪ੍ਰਤੀ ਜਾਗਰੂਕ ਕਰਨਾ ਅਤੇ ਸਿਹਤ ਵਿਭਾਗ ਦੀਆਂ ਸਕੀਮਾਂ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਸਮੂਹ ਸਿਹਤ ਸਟਾਫ਼ ਤੇ ਸ਼ਹਿਰ ਵਾਸੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।