ਦਵਿੰਦਰ ਬਾਘਲਾ, ਦੋਦਾ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਪੈਨਸ਼ਨ ਬਹਾਲੀ ਨੂੰ ਲੈ ਕੇ 28 ਫਰਵਰੀ ਨੂੰ ਪਟਿਆਲਾ ਵਿਖੇ ਰੈਲੀ ਕੀਤੀ ਜਾਵੇਗੀ। ਰੈਲੀ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਅਧਿਆਪਕ ਵੀ ਵੱਡੀ ਗਿਣਤੀ 'ਚ ਸ਼ਾਮਿਲ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਰਣਜੀਤ ਭਲਾਈਆਣਾ ਨੇ ਦੱਸਿਆ ਕਿ ਹਰ ਸਕੂਲ ਵਿੱਚ ਪਹੁੰਚ ਕੇ ਨਵੀਂ ਪੈਨਸ਼ਨ ਨਾਲ ਜੁੜੇ ਅਧਿਆਪਕਾਂ ਨੂੰ ਇਸ ਰੈਲੀ ਵਿੱਚ ਪਹੁੰਚਣ ਲਈ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 2017 ਵਿਧਾਨ ਸਭਾ ਦੀਆਂ ਚੋਣ ਦੌਰਾਨ ਕਾਂਗਰਸ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਆਈ ਤਾਂ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ 4 ਸਾਲ ਬੀਤ ਜਾਣ ਤੇ ਵੀ ਸਰਕਾਰ ਵੱਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਲਈ 2004 ਤੋਂ ਬਾਅਦ ਭਰਤੀ ਹੋਏ ਸਮੂਹ ਮੁਲਾਜ਼ਮ 28 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਪਟਿਆਲਾ ਪਹੁੰਚ ਰਹੇ ਹਨ। ਆਗੂਆਂ ਨੇ ਸਰਕਾਰ ਪ੍ਰਤੀ ਰੋਸ ਜਿਤਾਉਂਦਿਆਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੁਖਦੇਵ ਮੁਕਤਸਰ, ਦਵਿੰਦਰ ਭੁੱਟੀਵਾਲਾ, ਗੁਰਪ੍ਰਰੀਤ ਲੁਹਾਰਾ, ਸੁਖਰਾਮ ਕਾਉਣੀ, ਗੁਰਦੇਵ ਕਾਉਣੀ, ਲਖਵਿੰਦਰ ਭੁੱਲਰ ਹਾਜ਼ਰ ਸਨ।