ਅਮਨਦੀਪ ਮਹਿਰਾ, ਮਲੋਟ : ਦਿੱਲੀ ਵਿਖੇ ਕਿਸਾਨੀ ਸੰਘਰਸ਼ ਦੌਰਾਨ ਬਿਮਾਰ ਹੋਏ ਨੌਜਵਾਨ ਦੀ ਸੋਮਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਮਿ੍ਤਕ ਦੀ ਪਛਾਣ ਪਰਵਿੰਦਰ ਸਿੰਘ (22) ਪੁੱਤਰ ਗੁਰਜੰਟ ਸਿੰਘ ਵਾਸੀ ਔਲਖ ਵਜੋਂ ਹੋਈ ਹੈ। ਉਕਤ ਨੌਜਵਾਨ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੈਂਬਰਾਂ ਨਾਲ ਟਿੱਕਰੀ ਬਾਰਡਰ ’ਤੇ ਗਿਆ ਸੀ, ਜਿਥੇ 3-4 ਦਿਨ ਪਹਿਲਾਂ ਉਸ ਦੀ ਤਬੀਅਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਉਸ ਨੂੰ ਵਾਪਸ ਲਿਆ ਕੇ ਪਹਿਲਾਂ ਸਥਾਨਕ ਅਤੇ ਫਿਰ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ।

ਸੋਮਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮੌਕੇ ਬਲਕਾਰ ਸਿੰਘ ਔਲਖ, ਡਾ. ਭਗਤ, ਬਖਤੈਰ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਸਰਪੰਚ, ਪਰਮਜੀਤ ਪੰਮਾ ਸਾਬਕਾ ਮੈਂਬਰ, ਸਰਪੰਚ ਪਾਲ ਸਿੰਘ ਝੌਰੜ , ਸੁਖਪਾਲ ਮੈਂਬਰ, ਬਲਕਾਰ ਸਿੰਘ ਬੱਲਾ, ਰਜਿੰਦਰ ਰਾਜਾ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਪਿਛਲੇ ਇਕ ਹਫ਼ਤੇ ’ਚ ਮਲੋਟ ਉਪ ਮੰਡਲ ਨਾਲ ਸਬੰਧਤ 4 ਕਿਸਾਨਾਂ ਦੀਆਂ ਮੌਤਾਂ ਹੋਈਆਂ ਹਨ ਪਰ ਇਹ ਨੌਜਵਾਨ ਸਭ ਤੋਂ ਘੱਟ ਉਮਰ ਦਾ ਹੈ।

Posted By: Jagjit Singh