ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਐਸਐਸਪੀ ਡੀ. ਸੁਡਰਵਿਲੀ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਅਪੀਲ ਕੀਤੀ ਹੈ ਤੇ ਪੁਲਿਸ ਟੀਮਾਂ ਬਣਾ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪਣੇ ਦਫਤਰ ਵਿਖੇ ਪੱਤਰ ਜਾਰੀ ਕਰਦੇ ਹੋਏ ਜ਼ਿਲ੍ਹੇ ਅੰਦਰ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਕੋਰੋਨਾ ਵਾਇਰਸ ਤੋਂ ਸਾਵਧਾਨੀ ਜਰੂਰ ਵਰਤਨ, ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਮਾਸਕ ਦੀ ਵਰਤੋਂ ਕਰਨ ਤੇ ਡਿਊਟੀ ਦੌਰਾਨ ਇੱਕ ਦੂਜੇ ਤੋਂ ਸਰੀਰਕ ਦੂਰੀ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਨਾਕਿਆਂ 'ਤੇ ਤਾਇਨਾਤ ਪੁਲਿਸ ਕਰਮਚਾਰੀ ਵਹੀਕਲਾਂ ਦੀ ਚੈਕਿੰਗ ਕਰਨ ਲਈ ਸਰੀਰਕ ਦੂਰੀ ਬਣਾ ਕੇ ਰੱਖਣ ਤੇ ਵਹੀਕਲਾਂ ਦੇ ਕਾਗਜਾਤ ਚੈਕ ਕਰਨ ਤੋਂ ਬਾਅਦ ਆਪਣੇ ਹੱਥਾਂ ਨੂੰ ਪਾਣੀ ਨਾਲ ਜਾਂ ਸੈਨੇਟਾਈਜ਼ਰ ਨਾਲ ਸਾਫ ਜ਼ਰੂਰ ਕਰਨ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਪਬਲਿਕ ਥਾਵਾਂ ਨੂੰ ਬਿਨਾਂ ਜਰੂਰਤ ਤੋਂ ਨਾ ਛੂਹੋ ਤੇ ਘਰ ਦਾ ਸਮਾਨ ਖਰੀਦਨ ਸਮੇਂ ਸਾਵਧਾਨੀਆਂ ਜ਼ਰੂਰ ਵਰਤੋਂ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਦੋ ਪਹੀਆ ਵਾਹਨ ਚਲਾਉਣ ਲੱਗਿਆਂ ਹੈਲਮਟ ਦੀ ਵਰਤੋਂ ਕਰੋ ਤੇ ਚਾਰ ਪਹੀਆ ਵਾਹਣ ਚਲਾਉਣ ਲੱਗਿਆਂ ਸੀਟ ਬੈਲਟ ਦੀ ਵਰਤੋਂ ਜਰੂਰ ਕਰੋ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਹਦਾਇਤਾਂ ਦੀ ਪਾਲਣਾ ਨਹੀ ਕਰੇਗਾ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।