ਅਮਨਦੀਪ ਮਹਿਰਾ, ਮਲੋਟ : ਲੰਬੀ ਪੁਲਿਸ ਵੱਲੋਂ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਨੇ ਇਕ ਮੋਟਰਸਾਈਕਲ ਸਵਾਰ ਨੂੰ ਸੈਂਕੜੇ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਐਸਆਈ ਚੰਦਰ ਸ਼ੇਖਰ ਨੇ ਦੱਸਿਆ ਕਿ ਸੀਨੀਅਰ ਕਾਂਸਟੇਬਲ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਮੁਹਿੰਮ ਸ਼ੱਕੀ ਪੁਰਸ਼ਾਂ ਦੀ ਤਲਾਸ਼ ਤਹਿਤ ਪੰਜਾਵਾ ਵੱਲ ਨੂੰ ਆ ਰਿਹਾ ਸੀ ਕਿ ਇਕ ਮੋਟਰਸਾਈਕਲ ਆਉਂਦਾ ਵਿਖਾਈ ਦਿੱਤਾ। ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਮੋਟਰਸਾਈਕਲ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਮੇਤ ਮੋਟਰਸਾਈਕਲ ਡਿੱਗ ਪਿਆ। ਉਕਤ ਚਾਲਕ ਨੌਜਵਾਨ ਭੱਜਣ ਲੱਗਾ ਤਾਂ ਪੁਲਿਸ ਟੀਮ ਨੇ ਉਸਨੂੰ ਕਾਬੂ ਕਰ ਲਿਆ। ਪੁਲਿਸ ਪਾਰਟੀ ਨੂੰ ਲਿਫ਼ਾਫੇ 'ਚੋਂ ਡਿੱਗੀਆਂ ਗੋਲੀਆਂ ਨਸ਼ੇ ਵਾਲੀਆਂ ਹੋਣ ਦਾ ਸ਼ੱਕ ਹੋਣ ਤੇ ਇਸ ਦੀ ਸੂਚਨਾ ਲੰਬੀ ਥਾਣੇ ਦਿੱਤੀ। ਮੁੱਖ ਅਫ਼ਸਰ ਚੰਦਰ ਸ਼ੇਖਰ ਮੌਕੇ ਤੇ ਪਹੁੰਚ ਕਿ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਸਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬਲੋਚ ਕੋਰਾ ਵਜੋਂ ਹੋਈ। ਉਕਤ ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਪਾਸੋਂ ਕੁੱਲ 50 ਪੱਤੇ ਟਰਾਮਾਡੋਲ ਐਸ ਆਰ ਦੇ ਮਿਲੇ। ਜਿਸ ਤੇ ਪੁਲਿਸ ਨੇ ਮੋਟਰਸਾਈਕਲ ਸਮੇਤ ਉਕਤ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਲੰਬੀ ਥਾਣੇ ਵਿਖੇ ਮੁਕੱਦਮਾ ਦਰਜ਼ ਕਰ ਦਿੱਤਾ।