ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਕਰੀਬ ਡੇਢ ਮਹੀਨਾ ਪਹਿਲਾਂ ਪਿੰਡ ਅੌਲਖ 'ਚ ਹੋਏ ਰਣਜੀਤ ਸਿੰਘ ਰਾਣਾ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਦਿਆਂ ਇਕ ਨੂੰ ਗਿ੍ਫ਼ਤਾਰ ਕਰ ਲਿਆ ਹੈ। ਗਿ੍ਫਤਾਰ ਕੀਤੇ ਵਿਅਕਤੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਰਣਜੀਤ ਸਿੰਘ ਰਾਣਾ ਦਾ ਕਤਲ ਕੀਤਾ ਸੀ। ਉਕਤ ਵਿਅਕਤੀ ਨੇ ਕਤਲ ਸਮੇਂ ਵਰਤੇ ਦੋ ਪਿਸਤੌਲ ਅਤੇ 30 ਬੋਰ ਵੀ ਪੁਲਿਸ ਨੂੰ ਬਰਾਮਦ ਕਰਵਾ ਦਿੱਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਡੀ. ਸੁਡਰਵਿਲੀ ਦੀਆਂ ਹਦਾਇਤਾਂ ਤਹਿਤ ਐੱਸਪੀ 'ਡੀ' ਰਾਜਪਾਲ ਹੁੰਦਲ ਅਤੇ ਡੀਐੱਸਪੀ 'ਡੀ' ਜਸਮੀਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀਆਈਏ ਅਤੇ ਐਸਆਈ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਲੋਟ ਵੱਲੋਂ 22/10/2020 ਨੂੰ ਪਿੰਡ ਅੌਲਖ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਪਵਨ ਨਹਿਰਾ ਵਾਸੀ ਬੜੂਕਾ ਜ਼ਿਲ੍ਹਾ ਗੁਰੂ ਗਰਾਮ ਹਰਿਆਣਾ ਨੂੰ ਗਿ੍ਫ਼ਤਾਰ ਕੀਤਾ ਹੈ। ਪ੍ਰਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਡੀ. ਸੁਡਰਵਿਲੀ ਨੇ ਦੱਸਿਆ ਕਿ 22/10/2020 ਨੂੰ ਰਣਜੀਤ ਸਿੰਘ ਰਾਣਾ ਦਾ ਪਿੰਡ ਅੌਲਖ ਵਿਖੇ ਕਤਲ ਹੋ ਗਿਆ ਸੀ ਜਿਸਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ-172 ਥਾਣਾ ਸਦਰ ਮਲੋਟ ਵਿਖੇ ਅਣਪਛਾਤਿਆਂ ਵਿਅਕਤੀਆ 'ਤੇ ਦਰਜ ਰਜਿਸਟਰ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਐਸਪੀ ਰਾਜਪਾਲ ਸਿੰਘ ਹੁੰਦਲ ਦੀ ਅਗਵਾਈ 'ਚ ਇੰਚਾਰਜ ਸੀਆਈਏ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਖ਼ਤ ਮਿਹਨਤ ਸਦਕਾ ਅੱਜ ਪਵਨ ਨਹਿਰਾ ਨੂੰ ਉੱਕਤ ਮੁਕੱਦਮਾ ਵਿੱਚ ਪਰਟੈਕਸ਼ਨ ਵਰੰਟ 'ਤੇ ਲਿਆ ਕਿ ਸਖਤੀ ਨਾਲ ਪੁਛਗਿੱਛ ਕੀਤੀ। ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਉਸਨੇ ਆਪਣੇ ਸਾਥੀ ਮੌਨੂ ਉਰਫ ਸੁੱਖਾ, ਜਸਪਾਲ ਸਿੰਘ ਉਰਫ ਸਰਪੰਚ ਵਾਸੀ ਹਰਿਆਣਾ ਨਾਲ ਮਿਲ ਕੇ ਰਣਜੀਤ ਸਿੰਘ ਉਰਫ ਰਾਣਾ ਦਾ ਕਤਲ ਕੀਤਾ ਸੀ। ਮੁਲਜ਼ਮ ਪਵਨ ਨਹਿਰਾ ਨੂੰ ਮੁਕੱਦਮੇ 'ਚ ਗਿ੍ਫਤਾਰ ਕਰਕੇ ਮੌਕੇ 'ਤੇ ਵਰਤੇ ਹਥਿਆਰ 2 ਪਿਸਤੌਲ 30 ਬੋਰ ਬ੍ਰਾਮਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।