ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਪਿੰਡ ਰੁਪਾਣਾ ਵਿਖੇ ਸਥਿਤ ਸੇਤੀਆ ਪੇਪਰ ਮਿੱਲ 'ਚ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਦੇ 10 ਸਾਲਾ ਲੜਕੇ ਦਾ ਮੰਗਲਵਾਰ ਸਵੇਰੇ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਸੇਮ ਨਾਲੇ ਕੰਢੇ ਝਾੜੀਆਂ 'ਚ ਸੁੱਟ ਦਿੱਤੀ। ਲਾਸ਼ ਨੇੜਿਓਂ ਕਹੀ ਵੀ ਬਰਾਮਦ ਹੋਈ ਹੈ, ਜਿਸ ਨਾਲ ਉਸ ਦਾ ਕਤਲ ਕੀਤਾ ਗਿਆ। ਪੁਲਿਸ ਨੇ ਅਣਪਛਾਤੇ ਕਾਤਲਾਂ ਵਿਰੁੱਧ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਪੰਨਾ ਕਰੀਬ 25 ਸਾਲਾਂ ਤੋਂ ਪਿੰਡ ਰੁਪਾਣਾ ਵਿਖੇ ਰਹਿ ਰਿਹਾ ਹੈ ਅਤੇ ਸੇਤੀਆ ਪੇਪਰ ਮਿੱਲ 'ਚ ਕੰਮ ਕਰਦਾ ਹੈ। ਉਸ ਦਾ 10 ਸਾਲਾ ਬੱਚਾ ਕਿ੍ਸ਼ਨ ਕੁਮਾਰ ਅਤੇ ਹੋਰ ਬੱਚੇ ਸੇਤੀਆ ਪੇਪਰ ਮਿੱਲ 'ਚੋਂ ਆਉਣ ਵਾਲੇ ਮਲਬੇ 'ਚੋਂ ਲੋਹਾ ਅਤੇ ਹੋਰ ਸਾਮਾਨ ਛਾਂਟ ਲੈਂਦੇ ਸਨ, ਜਿਸ ਨੂੰ ਬਾਅਦ 'ਚ ਵੇਚ ਦਿੰਦੇ ਸਨ। ਮੰਗਲਵਾਰ ਨੂੰ ਸਵੇਰੇ ਕਰੀਬ ਅੱਠ ਵਜੇ ਜਦ ਉਸ ਦਾ ਪਿਤਾ ਕੰਮ 'ਤੇ ਚਲਾ ਗਿਆ ਤਾਂ ਉਹ ਆਪਣੇ ਘਰੋਂ ਛੋਟੀ ਕਹੀ ਲੈ ਕੇ ਪੇਪਰ ਮਿੱਲ ਦੇ ਸਾਹਮਣੇ ਬਣੇ ਢਾਬੇ ਦੇ ਪਿਛਲੇ ਪਾਸੇ ਰੱਖੇ ਮਲਬੇ 'ਚੋਂ ਲੋਹਾ ਛਾਂਟਣ ਲਈ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਜਦ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਉਸ ਦੀ ਲਾਸ਼ ਸੇਮ ਨਾਲੇ ਨੇੜੇ ਝਾੜੀਆਂ 'ਚੋਂ ਮਿਲੀ। ਬੱਚੇ ਦੇ ਮੂੰਹ ਤੇ ਗਲ਼ 'ਤੇ ਕਹੀ ਦੇ ਨਿਸ਼ਾਨ ਸਨ ਅਤੇ ਲਾਸ਼ ਦੇ ਕੋਲ ਹੀ ਕਹੀ ਪਈ ਹੋਈ ਸੀ। ਲੋਕਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੇ ਡੀਐੱਸਪੀ ਸ੍ਰੀ ਮੁਕਤਸਰ ਸਾਹਿਬ ਪਰਮਜੀਤ ਸਿੰਘ ਡੋਡ, ਥਾਣਾ ਸਦਰ ਦੇ ਮੁਖੀ ਪਰਮਜੀਤ ਸਿੰਘ ਤੇ ਪੁਲਿਸ ਚੌਕੀ ਦੂਹੇਵਾਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।