ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਫੈਕਟਰੀ ਰੋਡ 'ਤੇ ਘਰੇਲੂ ਕਲੇਸ਼ ਦੇ ਚੱਲਦਿਆਂ ਭਰਾ ਵੱਲੋਂ ਭਰਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਥਾਣਾ ਸਿਟੀ ਮੁਕਤਸਰ ਪੁਲਿਸ ਦੇ ਇੰਚਾਰਜ ਮੋਹਨ ਲਾਲ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ 12 ਘੰਟਿਆਂ ਦੇ ਅੰਦਰ ਕਾਤਲ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਕਤਲ ਸਮੇਂ ਵਰਤਿਆਂ ਦਸਤੀ ਚਾਕੂ ਬਰਾਮਦ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਮੁਹੇਸ਼ ਕੁਮਾਰ, ਕਰਨ ਕੁਮਾਰ ਤੇ ਭਾਰਤ ਕੁਮਾਰ ਤਿੰਨੋਂ ਭਰਾ ਸਥਾਨਕ ਫੈਕਟਰੀ ਰੋਡ ਤੇ ਮੰਦਰ ਵਾਲੀ ਗਲ਼ੀ ਕੋਲ ਇਕੱਠੇ ਇੱਕੋ ਘਰ 'ਚ ਰਹਿੰਦੇ ਸੀ ਜਿਨ੍ਹਾਂ 'ਚ ਘਰ ਛੋਟਾ ਹੋਣ ਕਾਰਨ ਅਕਸਰ ਹੀ ਲੜਾਈ-ਝਗੜਾ ਰਹਿੰਦਾ ਸੀ। ਬੀਤੀ ਰਾਤ ਸਭ ਤੋਂ ਛੋਟਾ ਭਰਾ ਭਾਰਤ ਕੁਮਾਰ ਜਦੋਂ ਆਪਣੇ ਚੁਬਾਰੇ ਵੱਲ ਜਾ ਰਿਹਾ ਸੀ ਤਾਂ ਸਭ ਤੋਂ ਵੱਡੇ ਭਰਾ ਮੁਹੇਸ਼ ਕੁਮਾਰ ਨੇ ਪਿੱਛੇ ਆ ਕੇ ਉਸ ਉੱਪਰ ਦਸਤੀ ਚਾਕੂ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਭਾਰਤ ਕੁਮਾਰ ਜ਼ਖ਼ਮੀ ਹੋ ਗਈ। ਇਸ ਦੌਰਾਨ ਜਦੋਂ ਮੁਹੇਸ਼ ਕੁਮਾਰ ਨੇ ਫਿਰ ਦੁਬਾਰਾ ਭਾਰਤ ਕੁਮਾਰ 'ਤੇ ਵਾਰ ਕਰਨਾ ਚਾਹਿਆ ਤਾਂ ਉਸ ਦਾ ਵਿਚਕਾਰਲਾ ਭਰਾ ਕਰਨ ਕੁਮਾਰ (30) ਉਸ ਨੂੰ ਰੋਕਣ ਲਈ ਆ ਗਿਆ ਜਿਸ 'ਤੇ ਚਾਕੂ ਕਰਨ ਕੁਮਾਰ ਦੀ ਗਰਦਨ 'ਚ ਲੱਗਾ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਇਕ ਲੜਕੀ, ਲੜਕਾ ਤੇ ਪਤਨੀ ਛੱਡ ਗਿਆ। ਓਧਰ ਥਾਣਾ ਸਿਟੀ ਪੁਲਿਸ ਨੇ ਮ੍ਰਿਤਕ ਦੇ ਛੋਟੇ ਭਰਾ ਭਾਰਤ ਕੁਮਾਰ ਦੇ ਬਿਆਨਾਂ 'ਤੇ ਮੁਲਜ਼ਮ ਮੁਹੇਸ਼ ਕੁਮਾਰ ਖਿਲਾਫ਼ ਧਾਰਾ 302,324 ਤਹਿਤ ਮਾਮਲਾ ਦਰਜ ਕਰਦਿਆਂ 12 ਘੰਟਿਆਂ ਅੰਦਰ ਉਸਨੂੰ ਗ੍ਰਿਫ਼ਤਾਰ ਕਰ ਕੇ ਕਤਲ ਸਮੇਂ ਵਰਤਿਆ ਹਥਿਆਰ ਦਸਤੀ ਚਾਕੂ ਬਰਾਮਦ ਕਰ ਕੇ ਅੱਗੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

Posted By: Seema Anand