ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ : ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਅੱਜ ਗਿੱਦੜਬਾਹਾ ਦੇ ਲੰਬੀ ਫਾਟਕ ਦੇ ਨਜ਼ਦੀਕ ਸਥਿਤ ਜਾਮਾ ਮਸਜਿਦ ਵਿਖੇ ਸ਼ਿਰਕਤ ਕੀਤੀ। ਇਸ ਮੌਕੇ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਵੱਲੋਂ ਸਭ ਤੋਂ ਪਹਿਲਾਂ ਜੌਹਰ ਦੀ ਨਮਾਜ ਅਦਾ ਕੀਤੀ ਅਤੇ ਪੰਜਾਬ ਦੀ ਬੇਹਤਰੀ ਤੇ ਤਰੱਕੀ ਲਈ ਦੁਆ ਮੰਗੀ। ਇਸਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਚੰਗਾ ਵਿਅਕਤੀ ਉਹ ਹੁੰਦਾ ਹੈ, ਜਿਸਨੂੰ ਪਹਿਲਾਂ ਉਸਦੇ ਮਾਤਾ ਪਿਤਾ ਚੰਗਾ ਕਹਿਣ, ਦੂਸਰਾ ਉਸਦੀ ਪਤਨੀ ਜਾਂ ਪਤੀ ਚੰਗਾ ਕਹੇ, ਤੀਜਾ ਜਿਸਦੇ ਬੱਚੇ ਉਸਨੂੰ ਚੰਗਾ ਕਹਿਣ ਅਤੇ ਚੌਥਾ ਉਹ ਜਿਸਦੇ ਗੁਆਂਢੀ ਕਹਿਣ ਕਿ ਇਹ ਵਿਅਕਤੀ ਚੰਗਾ ਇਨਸਾਨ ਹੈ, ਉਹ ਵਿਅਕਤੀ ਹੀ ਅਸਲ ਵਿਚ ਚੰਗਾ ਇਨਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜ ਸਮੇਂ ਦੀ ਨਮਾਜ ਪੜ੍ਹਨ ਦਾ ਫਾਇਦਾ ਤਾਂ ਹੀ ਹੈ, ਜੇਕਰ ਅਸੀਂ ਘੱਟੋ-ਘੱਟ ਉਕਤ ਚਾਰਾਂ ਲਈ ਚੰਗੇ ਬਣੀਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਗਲੋਬਲਾਈਜੇਸ਼ਨ ਕਾਰਨ ਪੰਜਾਬ ਵਿਚ ਮਾਂ ਬੋਲੀ ਦਾ ਘਾਣ ਹੋ ਰਿਹਾ ਹੈ, ਜਦੋਂਕਿ ਪੰਜਾਬੀ ਮਾਂ ਬੋਲੀ ਸਾਨੂੰ ਆਪਸ ਵਿਚ ਜੋੜਦੀ ਹੈ। ਉਨਾਂ੍ਹ ਕਿਹਾ ਉਹ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਹਨ ਕਿ ਉਹ ਚਾਹੇ ਜਿਸ ਵਿਚ ਧਰਮ ਨਾਲ ਸੰਬੰਧਤ ਹੋਣ ਆਪਣੇ ਘਰਾਂ, ਵਪਾਰਕ ਅਦਾਰਿਆਂ, ਸਿੱਖਿਅਕ ਅਦਾਰਿਆਂ ਅਤੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜ ਕੇ ਰੱਖਣ ਤਾਂ ਜੋ ਅਸੀਂ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿ ਸਕੀਏ। ਇਸ ਤੋਂ ਪਹਿਲਾਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਵੱਲੋਂ ਨੇੜਲੇ ਪਿੰਡ ਲਾਲਬਾਈ ਵਿਖੇ ਖਸਤਾਹਾਲ ਮਸਜਿਦ ਦੇ ਨਵੀਨੀਕਰਨ ਦੇ ਕੰਮ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਜਾਮਾ ਮਸਜਿਦ ਗਿੱਦੜਬਾਹਾ ਦੇ ਪ੍ਰਧਾਨ ਸਲੀਮ ਖਾਨ ਬਿੱਟੂ, ਮੀਤ ਪ੍ਰਧਾਨ ਸੁਨੀਰ ਮਲਿਕ, ਮੌਲਵੀ ਸ਼ਮਸ਼ੂਦੀਨ, ਮੌਲਵੀ ਉਵੇਸ਼ੀ, ਸਲੀਮ ਮਲਿੱਕ, ਜੌਸ਼ ਮੁਹੰਮਦ, ਕੇਵਲ ਖਾਨ, ਸੋਨੂੰ ਖਾਨ ਅਤੇ ਨੂਰ-ਏ-ਹੀਰਾ ਵੈੱਲਫੇਅਰ ਸੋਸਾਇਟੀ ਗਿੱਦੜਬਾਹਾ ਦੇ ਮੈਂਬਰਜ਼ ਮੌਜੂਦ ਸਨ।