ਭੰਵਰਾ\ਗਿੱਲ, ਸ੍ਰੀ ਮੁਕਤਸਰ ਸਾਹਿਬ :

ਸ੍ਰੀ ਮੁਕਤਸਰ ਸਾਹਿਬ ਵਿਖੇ ਚਲ ਰਹੇ ਇਤਿਹਾਸਿਕ ਅਤੇ ਧਾਰਮਿਕ ਉਤਸਵ ਮੇਲਾ ਮਾਘੀ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਉੱਚ ਪੁਲਿਸ ਅਧਿਕਾਰੀ ਸੁਰਜੀਤ ਸਿੰਘ ਆਈਪੀਐੱਸ ਡੀਆਈਜੀ ਫਰੀਦਕੋਟ ਰੇਂਜ ਵੱਲੋਂ ਪੰਜਾਬ ਭਰ ਤੋਂ ਆਏ ਗਜ਼ਟਿਡ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਸ ਮੇਲੇ ਦੀ ਮਹੱਤਤਾ ਅਤੇ ਮੌਜੂਦਾ ਹਲਾਤਾਂ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਪੁਲਿਸ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਲਗਨ ਨਾਲ ਕਰਨ ਦੀ ਲੋੜ ਹੈ। ਮੇਲਾ ਪ੍ਰਬੰਧਾਂ ਦੀ ਸੁਰੱਖਿਆ ਸਬੰਧੀ ਜ਼ਿਲ੍ਹਾ ਪੁਲਿਸ ਵੱਲੋਂ ਆਰਜ਼ੀ ਤੌਰ 'ਤੇ ਬਣਾਈ ਗਈ ਪੁਲਿਸ ਲਾਇਨ ਜੋ ਕਿ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਾਰਜਸ਼ੀਲ ਹੈ ਤੇ ਵੱਖ-ਵੱਖ ਜ਼ਿਲਿ੍ਹਆਂ ਤੋਂ ਪੁਲਿਸ ਅਧਿਕਾਰੀ ਤੇ ਕਰਮਚਾਰੀ ਇੱਥੇ ਪਹੁੰਚ ਚੁੱਕੇ ਹਨ।

ਇਨਾਂ੍ਹ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਡੀਆਈਜੀ ਫਰੀਦਕੋਟ ਦੀ ਅਗਵਾਈ 'ਚ ਸਮਾਪਤ ਹੋਈ, ਜਿਸ ਵਿੱਚ ਮੇਲਾ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੌਰਾਨ ਡੀਆਈਜੀ ਫਰੀਦਕੋਟ ਤੇ ਜ਼ਿਲ੍ਹਾ ਪੁਲਿਸ ਮੁੱਖੀ ਸਰਬਜੀਤ ਸਿੰਘ ਵੱਲੋਂ ਮੇਲਾ ਡਿਊਟੀ ਲਈ ਤਇਨਾਤ ਕੀਤੀ ਜਾ ਰਹੀ ਪੁਲਿਸ ਫੋਰਸ ਨੂੰ ਉਨਾਂ੍ਹ ਦੇ ਡਿਊਟੀ ਪੁਆਇੰਟਾਂ 'ਤੇ ਡਿਊਟੀ ਕਿਸ ਤਰ੍ਹਾਂ ਕਰਨੀ ਹੈ ਭਾਵ ਮੇਲਾ ਗਰਾਊਂਡ, ਦਰਬਾਰ ਸਾਹਿਬ, ਪੁਲਿਸ ਸਹਾਇਤਾ ਕੇਂਦਰ, ਨਾਕਾ ਡਿਊਟੀਆਂ, ਗਸ਼ਤ ਪਾਰਟੀਆਂ, ਪਸ਼ੂ ਮੇਲਾ ਡਿਊਟੀ ਆਦਿ ਸਥਾਨਾਂ ਪਰ ਕਿਸ ਪ੍ਰਕਾਰ ਡਿਊਟੀ ਕੀਤੀ ਜਾਵੇ, ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਕਿਸ ਤਰ੍ਹਾਂ ਰਣਨੀਤੀ ਤਹਿ ਕੀਤੀ ਜਾਵੇ ਤੇ ਭਾਰੀ ਠੰਡ ਤੇ ਕੋਰੋਨਾ ਮਹਾਮਾਰੀ ਤੋਂ ਡਿਊਟੀ ਕਰ ਰਹੇ ਪੁਲਿਸ ਅਧਿਕਾਰੀ/ਕਰਮਚਾਰੀ ਆਪਣੇ-ਆਪ ਨੂੰ ਕਿਸ ਤਰਾਂ ਬਚਾ ਕੇ ਰੱਖਣਾ ਹੈ, ਆਦਿ ਪਰਸਥਿਤੀਆਂ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਿਵੇਂ ਕਾਇਮ ਰੱਿਆ ਜਾਵੇ ਆਦਿ ਬਾਰੇ ਡੀਆਈਜੀ ਵੱਲੋਂ ਆਪਣੇ ਪੁਰਾਣੇ ਤਜ਼ਰਬੇ ਤੇ ਅਧਾਰਿਤ ਕੁਝ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਗਏ।

ਮੀਟਿੰਗ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਜਿੱਥੇ ਮੇਲਾ ਵੇਖਣ ਆ ਰਹੀ ਸੰਗਤ ਨੂੰ ਬੇਹਤਰ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਪ੍ਰਦਾਨ ਕਰਨਾ ਪੁਲਿਸ ਦਾ ਮੁੱਢਲਾ ਫਰਜ਼ ਹੈ ਉੱਥੇ ਨਾਲ ਹੀ ਸਮਾਜ ਵਿਰੋਧੀ ਅਤੇ ਸ਼ਰਾਰਤੀ ਕਿਸਮ ਦੇ ਅਨਸਰਾਂ ਨੂੰ ਕਾਬੂ ਕਰਨਾ ਵੀ ਪੁਲਿਸ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ।

ਇਸ ਲਈ ਇਹ ਵੀ ਜਰੂਰੀ ਹੈ ਕਿ ਹਰ ਕਿਸਮ ਦੀ ਨਸ਼ੇ ਦੀ ਵਰਤੋਂ ਤੇ ਵਿਕਰੀ ਨੂੰ ਪੂਰਨ ਰੂਪ ਵਿੱਚ ਬੰਦ ਕਰ ਦਿੱਤਾ ਜਾਵੇ। ਇਸੇ ਪ੍ਰਕਾਰ ਵੱਖ ਵੱਖ ਸੈਕਟਰ ਇੰਚਾਰਜ ਪੁਲਿਸ ਅਫਸਰਾਂ ਨੂੰ ਇਹ ਵੀ ਤਾਕੀਦ ਕੀਤੀ ਗਈ ਕਿ ਉਹ ਆਪਣੇ ਆਪਣੇ ਸੈਕਟਰ ਵਿੱਚ ਨਿਰਵਿਘਨ ਟ੍ਰੈਫਿਕ ਵਿਵਸਥਾ ਯਕੀਨੀ ਬਣਾਉਣਗੇ।

ਇਸ ਮੌਕੇ ਐਸਐਸਪੀ ਮੁਕਤਸਰ ਜੋ ਕਿ ਇਨਾਂ੍ਹ ਸੁਰੱਖਿਆ ਪ੍ਰਬੰਧਾਂ ਦੀ ਦੇਖ ਰੇਖ ਨਿੱਜੀ ਤੌਰ ਤੇ ਕਰ ਰਹੇਂ ਹਨ ਵੱਲੋਂ ਡੀਆਈਜੀ ਫਰੀਦਕੋਟ ਨੂੰ ਭਰੋਸਾ ਦਿਵਾਇਆ ਕਿ ਮੇਲਾ ਮਾਘੀ ਡਿਊਟੀ ਸਬੰਧੀ ਕਿਸੇ ਵੀ ਪੁਲਿਸ ਅਫਸਰ ਵੱਲੋਂ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪਰ ਨਾਲ ਹੀ ਪਬਲਿਕ ਤੇ ਸ਼ਰਧਾਲੂਆਂ ਦੀਆ ਭਾਵਨਾਵਾਂ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮੀਡੀਆ ਰਾਂਹੀ ਆਮ ਲੋਕਾਂ ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਆ ਰਹੇ ਸ਼ਰਧਾਲੂਆਂ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਇਸ ਪਵਿੱਤਰ ਤਿਉਹਾਰ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣ ਲਈ ਉਹ ਪੁਲਿਸ ਵਿਭਾਗ ਦਾ ਸਹਿਯੋਗ ਦੇਣ।