ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਦੇਸ਼ 'ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਬਗੈਰ ਦੇਸ਼ ਅੰਦਰ ਚਲ ਰਹੇ ਮੰਦੀ ਦੇ ਦੌਰ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਕਾਰਜਕਾਰੀ ਸੂਬਾ ਜਨਰਲ ਸਕੱਤਰ ਮੇਜਰ ਸਿੰਘ ਪੁੰਨਾਵਾਲ ਨੇ ਮੁਕਤਸਰ ਵਿਖੇ ਕਿਸਾਨ ਸਭਾ ਦੀ ਜ਼ਿਲ੍ਹਾ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਅੱਜ ਦੇਸ਼ ਅੰਦਰ ਇਕ ਕਿਸਾਨ ਹਰ 30 ਮਿੰਟ ਬਾਅਦ ਖੁਦਕੁਸ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤੀ ਖਰਚੇ ਦਿਨੋਂ ਦਿਨ ਵਧ ਰਹੇ ਹਨ ਜਦਕਿ ਜਿਨਸਾਂ ਦੇ ਭਾਅ ਵਧੇ ਖਰਚਿਆਂ ਮੁਤਾਬਕ ਨਹੀਂ ਮਿੱਥੇ ਜਾ ਰਹੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਹੋਂਦ 'ਚ ਆਉਣ ਤੋਂ ਬਾਅਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਪੱਖੀ ਹੀ ਨੀਤੀਆਂ ਬਣਾਈਆਂ ਹਨ ਜਿਸ ਕਾਰਨ ਦੇਸ਼ ਦੇ 72 ਫੀਸਦੀ ਸਰਮਾਏ ਤੇ ਇਕ ਫੀਸਦੀ ਲੋਕਾਂ ਦਾ ਕਬਜ਼ਾ ਹੈ। ਜਦਕਿ 28 ਫੀਸਦੀ ਸਰਮਾਇਆ ਦੇਸ਼ ਦੇ 99 ਫੀਸਦੀ ਲੋਕਾਂ ਕੋਲ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਭਿਆਨਕ ਮੰਦੀ ਦਾ ਦੌਰ ਚੱਲ ਰਿਹਾ ਹੈ, ਜਿਸ ਕਾਰਨ ਜਿੱਥੇ ਆਟੋ ਸੈਕਟਰ ਤੇ ਹੋਰ ਕਾਰਖ਼ਾਨੇ ਬੰਦ ਹੋ ਰਹੇ ਹਨ ਉੱਥੇ ਪੰਜਾਬ 'ਚ ਵੀ ਕਰੀਬ 20 ਪ੍ਰਤੀਸ਼ਤ ਟਰੈਕਟਰਾਂ ਦੀ ਵਿਕਰੀ ਵਿਚ ਕਮੀ ਆਈ ਹੈ। ਆਰਥਿਕ ਮੰਦੀ ਤੋਂ ਛੁਟਕਾਰਾ ਪਾਉਣ ਲਈ ਦੇਸ਼ ਅੰਦਰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ, ਕਿਸਾਨੀ ਨੂੰ ਜਿਨਸਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਅਵਾਰਾ ਪਸ਼ੂਆਂ ਦਾ ਸਖ਼ਤੀ ਨਾਲ ਕੋਈ ਠੋਸ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਸਾਥੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ 'ਚ ਕਿਸਾਨੀ ਅਤੇ ਮਜ਼ਦੂਰਾਂ ਦੇ ਮਸਲੇ ਨੂੰ ਲੈ ਕੇ ਕਿਸਾਨ ਸਭਾ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨੀ ਮਸਲਿਆਂ ਨੂੰ ਲੈ ਕੇ 24 ਤੇ 25 ਸਤੰਬਰ ਨੂੰ ਪਟਿਆਲਾ ਵਿਖੇ ਕੁੱਲ ਹਿੰਦ ਕਿਸਾਨ ਸਭਾ ਦਾ ਸੂਬਾ ਇਜਲਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਸੁਰਜੀਤ ਸਿੰਘ ਘੱਗਾ, ਧਰਮਪਾਲ ਝਬੇਲਵਾਲੀ, ਲਛਮਣ ਸਿੰਘ ਅਤੇ ਹਰਨੇਕ ਸਿੰਘ ਲੰਡੇਰੋਡੇ, ਬਲਕਰਨ ਸਿੰਘ ਤੇ ਗੁਰਬਿੰਦਰ ਸਿੰਘ ਸੱਕਾਂਵਾਲੀ, ਗੁਰਦੇਵ ਸਿੰਘ ਤੇ ਬਾਬੂ ਸਿੰਘ ਝਬੇਲਵਾਲੀ, ਗੁਰਦੇਵ ਸਿੰਘ ਛੱਤਿਆਣਾ, ਦਰਸ਼ਨ ਸਿੰਘ, ਮੇਜਰ ਸਿੰਘ ਸੀਰਵਾਲੀ ਤੇ ਸੀਟੂ ਆਗੂ ਤਰਸੇਮ ਲਾਲ ਤੇ ਖਰੈਤੀ ਲਾਲ ਆਦਿ ਹਾਜ਼ਰ ਸਨ।