ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਮਜ਼ਦੂਰਾਂ ਲਈ ਕੀਤਾ ਕਰਜ਼ੇ ਮੁਆਫੀ ਦਾ ਐਲਾਨ ਮਜ਼ਦੂਰਾਂ ਨਾਲ ਕੋਝਾ ਮਜ਼ਾਕ ਹੈ ਜੋ ਮਜਦੂਰਾਂ ਕੋਲੋ ਵੋਟਾਂ ਵਟੋਰ ਕੇ ਮੋੜ ਗੱਦੀਆਂ ਤੇ ਕਾਬਜ ਹੋਣ ਦੀ ਸ਼ਾਤਰਾਨਾ ਚਾਲ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 9 ਤੋਂ 11 ਅਗਸਤ ਤਕ ਪਟਿਆਲਾ ਵਿਖੇ ਦਿੱਤੇ ਜਾ ਰਹੇ ਧਰਨੇ ਦੀ ਸਫ਼ਲਤਾ ਲਈ ਪਿੰਡ ਭਾਗਸਰ ਵਿੱਚ ਖੇਤ ਮਜ਼ਦੂਰਾਂ ਦੇ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ ਕਾਲਾ ਸਿੰਘ ਖੂਨਣ ਖੁਰਦ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਚੋਣਾਂ ਮੌਕੇ ਬੇਘਰੇ ਅਤੇ ਲੋੜਵੰਦਾਂ ਨੂੰ ਪਲਾਟ ਦੇਣ, ਘਰ ਘਰ ਨੌਕਰੀ ਦੇਣ ਕਰਜਾ ਅਤੇ ਬਿਜਲੀ ਬਿੱਲ ਮੁਆਫ਼ ਕਰਨ ,ਬੁਢਾਪਾ, ਵਿਧਵਾ ਪੈਨਸ਼ਨ ਵਿਚ ਵਾਧਾ ਕਰਨ ਆਦਿ ਮੰਗਾਂ ਦਾ ਜੋ ਵਾਅਦਾ ਕੀਤਾ ਸੀ ਉਹ ਲਾਰਾ ਅਤੇ ਧੋਖਾ ਬਣਕੇ ਰਹਿ ਗਿਆ ਹੈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਾ ਸਿੰਘ ਖੂਨਣ ਖੁਰਦ, ਬਾਜ ਸਿੰਘ ਭੁੱਟੀ ਵਾਲਾ ਤੇ ਕਾਕਾ ਸਿੰਘ ਖੁੰਡੇ ਹਲਾਲ ਨੇ ਮਜ਼ਦੂਰਾਂ ਨੇ ਮੋਦੀ ਸਰਕਾਰ ਦੀ ਤਿੱਖੇ ਸ਼ਬਦਾਂ ਵਿੱਚ ਅਲੋਚਨਾ ਕਰਦਿਆਂ ਕਿਹਾ ਕਿ ਉਹ ਖੇਤੀ ਕਾਨੂੰਨਾਂ ਵਿੱਚ ਸੋਧਾਂ ਕਰਕੇ ਅਤੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਕਾਰਪੋਰੇਟ ਘਰਾਣਿਆਂ ਲਈ ਮੁਨਾਫ਼ੇ ਕਮਾਉਣ ਦਾ ਰਾਹ ਪੱਧਰਾ ਕਰ ਰਹੀ ਹੈ। ਇਸ ਮੌਕੇ ਇਕੱਠੇ ਹੋਏ ਮਜ਼ਦੂਰਾਂ ਵੱਲੋਂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ਤਹਿਤ 27 ਜੁਲਾਈ ਨੂੰ ਵਿਧਾਇਕ ਅਜਾਇਬ ਸਿੰਘ ਭੱਟੀ ਅਤੇ 29 ਵਿਧਾਇਕ ਰਾਜਾ ਵੜਿੰਗ ਦੇ ਘਰ ਵੱਲ ਮਾਰਚ ਕਰਨ ਦੇ ਪੋ੍ਗਰਾਮ ਚ ਵਧ ਚੜ੍ਹਕੇ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।