ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਮਲੋਟ ਰੋਡ 'ਤੇ ਲੱਗਣ ਵਾਲੇ ਮਨੋਰੰਜਨ ਮੇਲੇ ਦੌਰਾਨ ਬੀਤੇ ਸ਼ਨੀਵਾਰ ਹੋਈ ਕੁੱਟਮਾਰ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਤੋਂ ਨਾਰਾਜ਼ ਮੇਲਾ ਪ੍ਰਬੰਧਕਾਂ ਨੇ ਮਨੋਰੰਜਨ ਮੇਲੇ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਪ੍ਰਬੰਧਕ ਸੱਤਿਆ ਨਰਾਇਣ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਕੁੱਟਮਾਰ 'ਚ ਉਨ੍ਹਾਂ ਦੇ ਪੰਜ ਲੋਕ ਜ਼ਖਮੀ ਹੋ ਗਏ ਸਨ, ਜਿਸਦੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ, ਜਿਸਤੋਂ ਬਾਅਦ ਥਾਣਾ ਸਿਟੀ ਵਿਖੇ ਜੱਸੀ ਨਾਮੀ ਇਕ ਨੌਜਵਾਨ ਸਮੇਤ ਚਾਰ-ਪੰਜ ਅਣਪਛਾਤਿਆਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਲੋਕਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਮੇਲੇ 'ਚ ਲੱਗੇ ਦੋ ਸਕਿਊਰਿਟੀ ਨੌਜਵਾਨਾਂ ਨੂੰ ਚੁੱਕ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਪੁਲਿਸ ਵੱਲੋਂ ਨੌਜਵਾਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਸਤੋਂ ਇਲਾਵਾ ਮੇਲੇ 'ਚ ਲਗਾਏ ਗਏ ਕੈਮਰੇ ਤੇ ਡੀਵੀਡੀਆਰ ਵੀ ਪੁਲਸ ਨੇ ਆਪਣੇ ਕਬਜ਼ੇ 'ਚ ਕਰ ਲਈ ਹੈ। ਉਨ੍ਹਾ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਕੈਮਰੇ ਬੰਦ ਹਨ ਤੇ ਜੇਕਰ ਅਜਿਹੇ 'ਚ ਮੇਲੇ ਵਿੱਚ ਦੁਬਾਰਾ ਕੋਈ ਘਟਨਾ ਹੁੰਦੀ ਹੈ ਤਾਂ ਇਸਦਾ ਕੁੱਝ ਪਤਾ ਨਹੀਂ ਚੱਲ ਸਕੇਗਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਕਥਿਤ ਮੁਲਜ਼ਮਾਂਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਹੀ ਤੰਗ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਇਹ ਮੇਲਾ ਬੰਦ ਕਰ ਦਿੱਤਾ ਗਿਆ ਹੈ।

ਓਧਰ ਜਦੋਂ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਮੋਹਨ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਾਈ ਦੀ ਵੀਡਿਓ ਲਈ ਡੀਵੀਡੀਆਰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਲੜਾਈ 'ਚ ਮੇਲੇ ਦੇ ਕੁੱਝ ਲੋਕ ਵੀ ਸ਼ਾਮਿਲ ਸਨ, ਜਿਸ ਕਰਕੇ ਦੋ ਵਿਅਕਤੀਆਂ ਨੂੰ ਚੁੱਕਿਆ ਗਿਆ ਹੈ, ਜਿੰਨ੍ਹਾਂ ਤੋਂ ਪੁੱਛਗਿੱਛ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।