ਅਮਨਦੀਪ ਮਹਿਰਾ, ਮਲੋਟ : ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀ ਪਰੇਣਾ ਸਦਕਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਗਾਂਹਵਾਧੂ ਕਿਸਾਨ ਬੂਟਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਕੋਲਿਆਂਵਾਲੀ, ਤਹਿਸੀਲ ਮਲੋਟ ਕਣਕ ਦੀ ਬਿਜਾਈ ਝੋਨੇ ਦੀ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਕਰ ਰਹੇ ਹਨ। ਇਹ ਕਿਸਾਨ ਜਿੱਥੇ ਵਾਤਾਵਰਨ ਨੂੰ ਦੂਸ਼ਿਤ ਹੌਣ ਤੋਂ ਬਚਾ ਰਹੇ ਹਨ ਅਤੇ ਨਾਲ ਹੀ ਨਾਲ ਹੋਰਾਂ ਕਿਸਾਨਾਂ ਲਈ ਪ੍ਰਰੇਰਨਾ ਦਾ ਸਰੋਤ ਬਣ ਰਹੇ ਹਨ। ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਉਹ ਆਪਣੇ 20 ਏਕੜ ਰਕਬੇ ਵਿੱਚ ਝੋਨੇ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਦੱਸਿਆ ਹੈ ਕਿ ਉਹ ਪਿਛਲੇ ਤਿੰਨ ਸਾਲ ਤੋਂ ਨਾੜ ਨੂੰ ਬਿਨ੍ਹਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਹੇ ਹਨ। ਉਹ ਪਰਾਲੀ ਨੂੰ ਰੋਟਾਵੇਟਰ ਨਾਲ ਖੇਤ ਵਿੱਚ ਹੀ ਦੱਬ ਕੇ ਰੌਣੀ ਕਰਨ ਤੋਂ ਬਾਅਦ ਕਣਕ ਦੀ ਬਿਜਾਈ ਕਰ ਲੈਂਦੇ ਹਨ। ਪਿਛਲੇ ਸਾਲ ਉਨ੍ਹਾਂ ਨੇ 7 ਏੇਕੜ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕੀਤੀ ਸੀ, ਜਿਸਦਾ ਝਾੜ ਬਹੁਤ ਵਧੀਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸਬਸਿਡੀ ਰਾਹੀਂ ਸੁਪਰ ਸੀਡਰ ਖਰੀਦਿਆ ਹੈ ਤੇ ਉਹ ਇਸ ਸਾਲ ਕਣਕ ਦੀ ਸਾਰੀ ਬਿਜਾਈ ਸੁਪਰ ਸੀਡਰ ਨਾਲ ਕਰਨਗੇ। ਉਨ੍ਹਾਂ ਦੱਸਿਆ ਕਿ ਕਿਸਾਨ ਪਰਾਲੀ ਸਾੜਨ ਤੋਂ ਪਰਹੇਜ਼ ਕਰਨ ਕਿਉਂਕਿ ਇਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ, ਜ਼ਮੀਨ ਵਿਚਲੇ ਮਿੱਤਰ ਕੀੜੇ ਖਤਮ ਹੋ ਜਾਂਦੇ ਹਨ ਅਤੇ ਜ਼ਮੀਨ ਵਿਚਲੇ ਖੁਰਾਕੀ ਤੱਤਾਂ ਦੀ ਕਮੀ ਆ ਜਾਂਦੀ ਹੈ।