ਜਗਸੀਰ ਛੱਤਿਆਣਾ, ਗਿੱਦੜਬਾਹਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੰਪ ਗਿੱਦੜਬਾਹਾ ਤੇ ਲਗਾਇਆ ਧਰਨਾ ਅੱਜ 23ਵੇਂ ਦਿਨ ਵੀ ਸ਼ਾਮਲ ਹੋ ਗਿਆ ਹੈ। ਇਸ ਧਰਨੇ ਨੂੰ ਜਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਹਰਬੰੰਸ ਸਿੰਘ ਕੋਟਲੀ, ਗੁਰਾਂਦਿੱਤਾ ਸਿੰਘ ਭਾਗਸਰ ਜੋਗਿੰਦਰ ਸਿੰਘ ਬੁੱਟਰ ਸ਼ਰੀਂਹ, ਨਵਨੀਤ ਕੌਰ ਬੱੁੱਟਰ ਬਖੂਆ, ਗੁਰਮੀਤ ਕੌਰ ਅਤੇ ਨਸੀਬ ਕੌਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਲਾ ਸਿੰਘ ਅਤੇ ਓਮ ਪ੍ਰਕਾਸ਼ ਆਦਿ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਲੈਕੇ ਗੰਭੀਰ ਨਹੀਂ ਹੈ ਅਤੇ ਇਸ ਲਈ ਸਰਕਾਰ ਨੇ ਗੱਲਬਾਤ ਲਈ ਕਿਸਾਨ ਆਗੂਆਂ ਨੂੰ ਦਿੱਲੀ ਸੱਦਿਆ ਅਤੇ ਆਪ ਹੀ ਗੱਲਬਾਤ ਕਰਨ ਤੋਂ ਭੱਜ ਗਈ। ਆਗੂਆਂ ਨੇ ਜੋਰ ਦੇਕੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਹੋਣ ਤੱਕ ਕਿਸਾਨਾਂ ਦਾ ਸੰਘਰਸ਼ ਸ਼ਾਤਮਈ ਢੰਗ ਲਈ ਜਾਰੀ ਰਹੇਗਾ। ਬੁਲਾਰਿਆਂ ਨੇ ਦੋਸ਼ ਲਗਾਏ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸ਼ੀ-ਵਿਦੇਸ਼ੀ ਸਾਮਰਾਜੀ ਕਾਰਪੋਰਟਾਂ ਹਵਾਲੇ ਕਰਕੇੇ ਅਤਤੇ ਕਿਸਾਨਾਂ ਤੋਂ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦਾ ਹਮਲਾ ਹੈ। ਜਿਹੜਾ ਛੋਟੀ ਅਤੇ ਦਰਮਿਆਨੀ ਕਿਸਾਨੀ ਦੇ ਮੌਤ ਦੇ ਵਾਰੰਟ ਬਰਾਬਰ ਹੈ। ਵੱਡੇ-ਵੱਡੇ ਮਾਲ ਬਜ਼ਾਰ ਖੋਲ੍ਹ ਕੇ ਖੇਤੀ ਦੇ ਨਾਲ ਨਾਲ ਸ਼ਹਿਰੀ ਦੁਕਾਨਾਂ ਉਜਾੜਨ ਵੱਲ ਸੇਧਤ ਹਨ। ਉਨ੍ਹਾ ਦਾਅਵਾ ਕੀਤਾ ਕਿ ਅਣਖੀਲੇ ਕਿਸਾਨ, ਮਜ਼ਦੂਰ ਅਤੇ ਸ਼ਹਿਰੀ ਜਥੇਬੰਦੀਆ, ਸੰਸਥਾਵਾਂ ਇਸ ਹਮਲੇ ਵਿਰੁੱਧ ਲੰਬੇ ਜਾਨਹਲੂਵੇਂ ਅਤੇ ਵਿਸ਼ਾਲ ਸੰਘਰਸ਼ਾਂ ਦਾ ਤਾਂਤਾ ਬੰਨ੍ਹ ਕੇ ਹੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਨੂੰ ਮਜ਼ਬੂਰ ਕਰ ਦੇਣਗੇ।