ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਮਹਾਮਾਰੀ ਦੇ ਚੱਲਦਿਆ ਕਲੀਨ ਐਂਡ ਗਰੀਨ ਸੇਵਾ ਸੁਸਾਇਟੀ ਦੇ ਪ੍ਰਧਾਨ ਤਰਸੇਮ ਗੋਇਲ ਵੱਲੋਂ ਲਗਾਤਾਰ ਲੋੜਵੰਦ ਵਿਅਕਤੀਆਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸੇ ਲੜੀ ਦੌਰਾਨ ਲਗਾਤਾਰ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਪ੍ਰਧਾਨ ਤਰਸੇਮ ਗੋਇਲ ਵਲੋਂ ਮਰੀਜ਼ਾਂ ਨੂੰ ਫਰੂਟ ਵੰਡੇ ਜਾ ਰਹੇ ਹਨ ਤਾਂ ਜੋ ਉਹ ਜਲਦੀ ਤੋਂ ਜਲਦੀ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤ ਸਕਣ। ਇਸ ਮੌਕੇ ਉਨ੍ਹਾਂ ਨਾਲ ਐਸਐਮਓ ਡਾ. ਸਤੀਸ਼ ਗੋਇਲ, ਡਾ. ਭਾਰਤ ਭੂਸ਼ਣ, ਡਾ. ਨਰਿੰਦਰ, ਅੱਖਾਂ ਦੇ ਮਾਹਿਰ ਡਾ. ਬਲਜੀਤ ਕੌਰ, ਪਿ੍ਰੰਸੀਪਲ ਸੰਜੀਵ ਜਿੰਦਲ, ਬਿੱਲੂ ਕਟਾਰੀਆਂ, ਰਾਜਨ ਬਾਂਸਲ, ਰਾਜ ਕੁਮਾਰ ਮੇਲੂ ਵੀ ਪੂਰਨ ਸਹਿਯੋਗ ਕਰ ਰਹੇ ਹਨ। ਇਸ ਮੋਕੇ ਪ੍ਰਧਾਨ ਗੋਇਲ ਵੱਲੋਂ ਲੋਕਾਂ ਨੂੰ ਪ੍ਰਸਾਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰਨ ਤੌਰ ਨੇ ਪਾਲਣਾ ਕਰਨ ਦੀ ਅਪੀਲ ਕੀਤੀ ਤੇ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ। ਇਸ ਮੋਕੇ ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਸਿਰਫ਼ ਲੋਕਾਂ ਦੇ ਭਲੇ ਲਈ ਹਨ, ਕਿਉਂਕਿ ਇਨ੍ਹਾਂ ਪਾਬੰਦੀਆਂ ਦੀ ਪਾਲਣਾ ਕਰਕੇ ਹੀ ਕੋਰੋਨਾ ਮਹਾਂਮਾਰੀ ਨੂੰ ਦੇਸ਼ ਵਿਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਭੀੜ ਭਾੜ ਵਾਲੀਆਂ ਜਗ੍ਹਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ।