ਭੰਵਰਾ/ਗਿੱਲ, ਸ੍ਰੀ ਮੁਕਤਸਰ ਸਾਹਿਬ : ਮਿਸ਼ਨ ਫਤਿਹ ਤਹਿਤ ਕੋਵਿਡ-19 ਸਬੰਧੀ ਸਿਹਤ ਵਿਭਾਗ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 12 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਐਤਵਾਰ ਨੂੰ ਜ਼ਿਲ੍ਹੇ ਅੰਦਰ ਪਾਏ ਗਏ ਕੋਰੋਨਾ ਪਾਜ਼ੇਟਿਵ 12 ਵਿਅਕਤੀਆਂ 'ਚੋਂ 7 ਸ੍ਰੀ ਮੁਕਤਸਰ ਸਾਹਿਬ, 3 ਮਲੋਟ, 1 ਕੁਰਾਈਵਾਲਾ ਤੇ 1 ਕਿੱਲਿਆਂਵਾਲੀ ਨਾਲ ਸਬੰਧਿਤ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚੋਂ ਐਤਾਵਰ ਨੂੰ 25 ਮਰੀਜ਼ ਠੀਕ ਹੋ ਕੇ ਘਰ ਵਾਪਸ ਪਰਤ ਗਏ ਹਨ। ਜ਼ਿਲ੍ਹੇ 'ਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 646 ਰਹਿ ਗਈ ਹੈ। ਜ਼ਿਲ੍ਹੇ ਭਰ 'ਚੋਂ ਹੁਣ ਤੱਕ ਕੁਲ 37336 ਸੈਂਪਲ ਲਏ ਗਏ ਹਨ ਜਿਨ੍ਹਾਂ 'ਚੋਂ 33941 ਲੋਕਾਂ ਦੇ ਸੈਂਪਲ ਨੈਗਟਿਵ ਪਾਏ ਗਏ ਹਨ। ਜ਼ਿਲ੍ਹੇ 'ਚੋਂ ਹੁਣ ਤੱਕ ਕੁੱਲ 1715 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ। ਜ਼ਿਲ੍ਹੇ 'ਚ 964 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਡਾ. ਐਚਐਨ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਵਿਡ 19 ਸਬੰਧੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਕੋਰੋਨਾ ਪੀੜ੍ਹਤ ਛੁਪਿਆ ਨਾ ਰਹਿ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਾ ਕੇ ਰੱਖੋ ਤੇ ਆਪਸੀ ਦੂਰੀ ਬਣਾ ਕੇ ਰੱਖੀ ਜਾਵੇ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਤੇ ਗੁਰਤੇਜ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਬਾਹਰਲੇ ਸੂਬੇ ਜਾਂ ਦੇਸ਼ 'ਚ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭੀੜ ਵਾਲੀਆਂ ਜਗ੍ਹਾ 'ਤੇ ਨਾ ਜਾਓ ਅਤੇ ਮਾਸਕ ਦੀ ਵਰਤੋਂ ਕਰੋ, ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਕੋਰੋਨਾ ਨਾਲ ਨਜਿੱਠਿਆ ਜਾ ਸਕੇ।