ਜਤਿੰਦਰ ਭੰਵਰਾ/ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਪੰਜਾਬ ਬੰਦ ਦੀ ਸਫਲਤਾ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿਚ ਰੋਸ ਮਾਰਚ ਕੱਿਢਆ ਗਿਆ। ਨਵੀਂ ਦਾਣਾ ਮੰਡੀ, ਘਾਹ ਮੰਡੀ ਚੌਂਕ ਤੇ ਮਸੀਤ ਚੌਂਕ ਵਿਚ ਬੋਲਦਿਆਂ ਕਿਸਾਨ ਆਗੂਆਂ ਗੁਰਾਂਦਿੱਤਾ ਸਿੰਘ ਭਾਗਸਰ, ਸੁਖਰਾਜ ਸਿੰਘ ਰਹੂੜਿਆਂ ਵਾਲੀ ਤੇ ਹਰਫੂਲ ਸਿੰਘ ਭਾਗਸਰ ਨੇ ਕਿਹਾ ਕਿ ਦੇਸ਼ ਦੇ ਅੰਨਦਾਤਿਆਂ ਨੂੰ ਕੰਗਾਲ ਕਰਨ ਲਈ ਪਾਸ ਕੀਤੇ ਗਏ ਬਣ ਆਰਡੀਨੈਂਸ ਕਾਰਪੋਰੇਟ ਘਰਾਣਿਆਂ ਨੂੰ ਮਾਲਾ ਮਾਲ ਕਰਨ ਲਈ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਡੋਬਣ ਤੇ ਕਿਰਤ ਕਾਨੂੰਨਾਂ ਵਿਚ ਸੋਧ ਕਰਕੇ ਕਿਰਤੀਆਂ ਦੀਆਂ ਜਿਉਣ ਹਾਲਤਾਂ ਨੂੰ ਬਦਤਰ ਕਰਨ ਵਾਲੀ ਭਾਜਪਾ ਸਰਕਾਰ ਨੂੰ ਧਨਾਢ, ਵਪਾਰਕ ਘਰਾਣਿਆਂ ਦੀ ਕੀਤੀ ਜਾਣ ਵਾਲੀ ਚਾਕਰੀ ਮਹਿੰਗੀ ਪਵੇਗੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ 'ਚ ਆਰਡੀਨੈਂਸਾਂ ਖਿਲਾਫ ਉੱਠੇ ਕਿਸਾਨ ਰੋਹ 'ਚ ਨੌਜਵਾਨਾਂ ਤੇ ਅੌਰਤਾਂ ਦੀ ਸੰਘਰਸ਼ਾਂ ਵਿਚ ਵਧੀ ਨਿਹਚਾ ਸਰਕਾਰ ਲਈ ਚੁਣੌਤੀ ਬਣੇਗੀ। ਆਗੂਆਂ ਨੇ ਆੜ੍ਹਤੀਆਂ, ਵਪਾਰੀਆਂ, ਦੁਕਾਨਦਾਰਾਂ ਸਮੇਤ ਸਭਨਾਂ ਵਰਗਾਂ ਪੰਜਾਬ ਬੰਦ ਨੂੰ ਅਪੀਲ ਕਰਦਿਆਂ ਕਿਹਾ ਕਿ ਆਰਡੀਨੈਂਸਾਂ ਦਾ ਹਮਲਾ ਕੇਵਲ ਕਿਸਾਨੀ ਤੇ ਨਹੀਂ ਸਾਰੇ ਵਰਗਾਂ ਨੂੰ ਆਪਣੀ ਮਾਰ ਹੇਠ ਲੈਣ ਵਾਲਾ ਹੈ। ਮਾਰਚ ਵਿਚ ਸ਼ਾਮਲ ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਤੇ ਸਕੱਤਰ ਰਾਮ ਸਵਰਨ ਲੱਖੇਵਾਲੀ ਨੇ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਸੰਘਰਸ਼ਾਂ ਨਾਲ ਹੀ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦਾ ਮੂੰਹ ਮੋੜਿਆ ਜਾਵੇਗਾ। ਮਾਰਚ 'ਚ ਹੋਰਨਾਂ ਤੋਂ ਇਲਾਵਾ ਰਾਜਾ ਸਿੰਘ ਮਹਾਂਬੱਧਰ, ਹਰਚਰਨ ਸਿੰਘ ਲੱਖੇਵਾਲੀ, ਕਾਕਾ ਸਿੰਘ ਖੁੰਡੇ ਹਲਾਲ, ਨਰ੍ਹ ਸਿੰਘ ਅਕਾਲੀ, ਦਰਸ਼ਨ ਸਿੰਘ ਆਦਿ ਆਗੂ ਵੀ ਸ਼ਾਮਲ ਸਨ।