ਜਗਸੀਰ/ਦਵਿੰਦਰ, ਦੋਦਾ, ਗਿੱਦੜਬਾਹਾ : ਕੇਂਦਰ ਸਰਕਾਰ ਵੱਲੋਂ ਜ਼ਬਰੀ ਲਾਗੂ ਕੀਤੇ ਗਏ ਕਿਸਾਨ ਮਾਰੂ ਤਿੰਨ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਦੀਆਂ ਵੱਖ-ਵੱਖ ਸ਼ੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦੌਰਾਨ ਪੂਰੇ ਪੰਜਾਬ 'ਚ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਧਰਨੇ ਲਾ ਕੇ ਸੜਕਾਂ ਜਾਮ ਕੀਤੀਆਂ ਜਾਣਗੀਆਂ। ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਵੱਲੋਂ ਐਲਾਨੇ ਗਏ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਪੰਜਾਬ ਦੀ ਇਕਾਈ ਪਿੰਡ ਕੋਟਭਾਈ ਵੱਲੋਂ ਪਿੰਡ ਕੋਟਭਾਈ, ਚੋਟੀਆਂ, ਸਾਹਿਬ ਚੰਦ, ਕੋਠੇ ਦਸ਼ਮੇਸ਼ ਨਗਰ, ਕੋਠੇ ਜਗੜੀਆਂ ਵਾਲਾ ਤੇ ਕੋਠੇ ਹਿੰਮਤ ਪੁਰਾ ਆਦਿ ਪਿੰਡਾਂ 'ਚ ਰੋਸ ਮਾਰਚ ਕਰਕੇ ਲੋਕਾਂ ਨੂੰ ਕਿਸਾਨ ਮਾਰੂ ਨੀਤੀਆਂ ਖਿਲਾਫ ਜਾਗਰੂਕ ਕੀਤਾ ਗਿਆ। ਆਗੂਆਂ ਨੇ ਕਿਸਾਨਾਂ ਤੋਂ ਇਲਾਵਾ ਹਰ ਵਰਗ ਨੂੰ ਗਿੱਦੜਬਾਹਾ ਦੇ ਭਾਰੂ ਚੌਂਕ ਵਿਖੇ ਅੱਜ ਲਾਏ ਜਾ ਰਹੇ ਰੋਸ ਧਰਨੇ 'ਚ ਵੱਧ ਤੋਂ ਵੱਧ ਸਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਲਖਬੀਰ ਸਿੰਘ ਕੋਟਭਾਈ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਆਰਥਿਕ ਪੱਖੋਂ ਕਮਜੋਰ ਤੇ ਪ੍ਰਰੇਸ਼ਾਨ ਕਿਸਾਨ ਜਾਗਰੂਕ ਹੋ ਕੇ ਆਪਣੇ ਹੱਕ ਲੈਣ ਤੇ ਕਿਸਾਨ ਮਾਰੂ ਕਾਲੇ ਕਾਨੂੰਨ ਦੇ ਖਿਲਾਫ ਸੰਘਰਸ਼ ਲਈ ਇੱਕ ਮੰਚ ਤੇ ਲਾਮਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਰ ਵਰਗ ਜਿਵੇਂ ਦੁਕਾਨਦਾਰਾਂ, ਵਕੀਲਾਂ, ਆੜ੍ਹਤੀਆਂ, ਮਜ਼ਦੂਰਾਂ ਤੋਂ ਇਲਾਵਾ ਹੋਰ ਜਥੇਬੰਦੀਆਂ ਵੱਲੋਂ ਵੀ 25 ਸਤੰਬਰ ਦੇ ਪੰਜਾਬ ਬੰਦ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਤਾਂ ਜੋ ਕਿਸਾਨ ਅਤੇ ਲੋਕ ਲਹਿਰ ਨੂੰ ਦੇਖਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇ। ਇਸ ਮੌਕੇ ਰਾਜਦੀਪ ਸਿੰਘ ਇਕਾਈ ਪ੍ਰਧਾਨ, ਜਗਜੀਤ ਸਿੰਘ ਕਾਕਾ ਜਨਰਲ ਸਕੱਤਰ, ਜਗਸੀਰ ਸਿੰਘ ਨੰਬਰਦਾਰ ਖਜ਼ਾਨਚੀ, ਜਗਜੀਤ ਸਿੰਘ ਮੋਦਾ ਮੀਤ ਪ੍ਰਧਾਨ, ਤਰਨਜੀਤ ਸਿੰਘ ਮੀਤ ਪ੍ਰਧਾਨ, ਭੁਪਿੰਦਰ ਸਿੰਘ ਫੌਜੀ ਪ੍ਰਰੈਸ ਸਕੱਤਰ ਤੇ ਜਗਦੀਪ ਸਿੰਘ ਸਲਾਹਕਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।