ਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸੰਕਲਪ ਐਜੂਕੇਸ਼ਨ ਵੈਲਫੇਅਰ ਸੁਸਾਇਟੀ (ਰਜਿ.) ਦੁਆਰਾ ਪਿਛਲੇ ਕਰੀਬ 8 ਸਾਲਾਂ ਤੋਂ ਟੀਬੀ (ਤਪਦਿਕ ਰੋਗ) 'ਤੇ ਕੰਮ ਕੀਤਾ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾਂ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਦੇ ਪੂਰਨ ਸਹਿਯੋਗ ਨਾਲ ਟੀਬੀ ਦੇ ਸ਼ੱਕੀ ਮਰੀਜ਼ਾਂ ਨੂੰ ਇਸਦੇ ਸਰਕਾਰੀ ਹਸਪਤਾਲਾਂ ਵਿੱਚ ਹੁੰਦੇ ਮੁਫ਼ਤ ਟੈਸਟ ਤੇ ਇਲਾਜ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਟੀਬੀ ਰੋਗ ਦੇ ਜੜੋਂ ਖ਼ਾਤਮੇ ਲਈ ਸੂਬਾ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਸਫਲ ਬਣਾਉਣ ਲਈ ਹਰ ਸੰਭਵ ਬਣਦੀ ਸਹਾਇਤਾ ਕਰਨ ਲਈ ਵਚਨਬੱਧ ਹੈ। ਸੰਧੂ ਨੇ ਦੱਸਿਆ ਕਿ ਆਮ ਲੋਕਾਂ ਨੂੰ ਟੀਬੀ ਰੋਗ ਪ੍ਰਤੀ ਵਧੇਰੇ ਪਾਰਦਰਸ਼ਤਾ ਨਾਲ ਜਾਗਰੂਕ ਕਰਨ ਤੇ ਸਮੇਂ ਸਿਰ ਇਸ ਰੋਗ ਦੇ ਇਲਾਜ ਨੂੰ ਅਮਲ 'ਚ ਲਿਆ ਕੇ ਅਨੇਕਾਂ ਕੀਮਤੀ ਜਾਨਾਂ ਨੂੰ ਸਮਾਂ ਰਹਿੰਦਿਆਂ ਬਚਾਇਆ ਜਾ ਸਕਦਾ ਹੈ। ਇਸ ਮੰਤਵ ਲਈ ਜ਼ਿਲ੍ਹਾ ਪੱਧਰੀ ਸੰਕਲਪ ਟੀਬੀ ਫੋਰਮ ਦਾ ਗਠਨ ਜਲਦੀ ਕਰਨ ਦਾ ਫੈਸਲਾ ਲਿਆ ਗਿਆ ਹੈ। ਸੰਧੂ ਨੇ ਸਮਾਜ ਸੇਵੀ ਦੀ ਭਾਵਨਾਂ ਰੱਖਣ ਵਾਲੇ ਰਿਟਾਇਰਡ ਅਫ਼ਸਰਾਂ, ਪਿੰਡਾਂ ਦੇ ਸਰਪੰਚਾਂ, ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਵੱਖ-ਵੱਖ ਧਾਰਮਿਕ ਸਮਾਜਿਕ, ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਦੇ ਨਾਲ-ਨਾਲ ਆਮ ਵਰਗ ਦੇ ਉਹ ਲੋਕ ਜੋ ਟੀਬੀ ਰੋਗੀਆਂ ਦੀ ਸਹਾਇਤਾ ਕਰਨਾ ਚਾਹੁੰਣ ਉਨ੍ਹਾਂ ਨੂੰ ਸੰਸਥਾ ਦੇ ਕੋਟਕਪੂਰਾ ਰੋਡ ਸਥਿਤ ਦਫ਼ਤਰ ਜਾਂ ਫਿਰ ਸੁਸਾਇਟੀ ਦੇ ਹੈਲਪ ਲਾਇਨ ਨੰਬਰ 98148-92000 ਤੇ ਸੰਪਰਕ ਕਰਕੇ ਇਸ ਜ਼ਿਲ੍ਹਾ ਪੱਧਰੀ ਟੀ.ਬੀ. ਫੋਰਮ ਦੇ ਨਾਲ ਜੁੜਨ ਲਈ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ।